ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਫਰਵਰੀ
ਚੋਣਾਂ ਤੋਂ ਪਹਿਲਾਂ ਯੂਪੀ ਬਿਹਾਰ ਤੋਂ ਆਏ ਪਰਵਾਸੀ ਮਜ਼ਦੂਰਾਂ ਨੂੰ ਭਾਜਪਾ ਦੇ ਹੱਕ ਵਿੱਚ ਕਰਨ ਲਈ ਦਿੱਲੀ ਤੋਂ ਲੋਕ ਸਭਾ ਮੈਂਬਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਮਨੋਜ ਤਿਵਾੜੀ ਅੱਜ ਸਨਅਤੀ ਸ਼ਹਿਰ ਪੁੱਜੇ। ਇਸ ਦੌਰਾਨ ਮਨੋਜ ਤਿਵਾੜੀ ਨੇ ਹਲਕਾ ਪੂਰਬੀ ਤੋਂ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਜਗਮੋਹਨ ਸ਼ਰਮਾ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕੀਤਾ ਅਤੇ ਹਲਕਾ ਦੱਖਣੀ ਤੋਂ ਸਤਿੰਦਰਪਾਲ ਸਿੰਘ ਤਾਜਪੁਰੀ ਦੇ ਹੱਕ ’ਚ ਰੋਡ ਸ਼ੌਅ ਕਰਕੇ ਪੁਰਵਾਂਚਲੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਉਮੀਦਵਾਰ ਦੇ ਹੱਕ ’ਚ ਵੋਟਾਂ ਪਾ ਕੇ ਪੰਜਾਬ ’ਚ ਇੱਕ ਵੱਖਰਾ ਇਤਿਹਾਸ ਰਚਣ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਨੇ ਹਲਕਾ ਦੱਖਣੀ ਵਿੱਚ ਰੋਡ ਸ਼ੋਅ ਕੀਤਾ। ਹਲਕਾ ਦੱਖਣੀ ਤੋਂ ਉਮੀਦਵਾਰ ਸਤਿੰਦਰਪਾਲ ਸਿੰਘ ਤਾਜਪੁਰੀ ਦੇ ਹੱਕ ’ਚ ਪਹਿਲਾਂ ਮਨੋਜ ਤਿਵਾੜੀ ਰੋਡ ਸ਼ੋਅ ਕਰਨ ਲਈ ਪੁੱਜੇ। ਉੱਥੇ ਪੁਰਵਾਂਚਲੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਇਸ ਦੌਰਾਨ ਮਨੋਜ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ’ਚ ਰਹਿਣ ਵਾਲੇ ਯੂਪੀ ਤੇ ਬਿਹਾਰ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਜੇ ਪੰਜਾਬ ’ਚ ਭਾਜਪਾ ਦੀ ਸਰਕਾਰ ਆਵੇਗੀ ਤਾਂ ਪੁਰਵਾਂਚਲੀਆਂ ਲਈ ਕੰਮ ਕੀਤਾ ਜਾਵੇਗਾ। ਇਸ ਤੋਂ ਬਾਅਦ ਸ੍ਰੀ ਤਿਵਾੜੀ ਨੇ ਟਿੱਬਾ ਰੋਡ ’ਤੇ ਪੁਰਵਾਂਚਲੀਆਂ ਦੇ ਇਲਾਕੇ ’ਚ ਜਗਮੋਹਨ ਸ਼ਰਮਾ ਦੇ ਹੱਕ ਵਿੱਚ ਰੈਲੀ ਕੀਤੀ।