ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਹਲਕਾ ਲੁਧਿਆਣਾ ਉੱਤਰੀ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦਿੰਦਿਆਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਅੱਜ ਡਰੀਮ ਲੇਨ ਕਲੋਨੀ ਵਿੱਤ 64.32 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਸ੍ਰੀ ਬੱਗਾ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਸ ਕਲੋਨੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਜਾਵੇਗਾ ਅਤੇ ਮੁੱਖ ਸੜਕ ਦੇ ਨਾਲ-ਨਾਲ ਕਲੋਨੀ ਦੀਆਂ ਸਾਰੀਆਂ ਅੱਠ ਸੜਕਾਂ ਦੀ ਵੀ ਮੁਰੰਮਤ ਕੀਤੀ ਜਾਵੇਗੀ ਜਿਸ ’ਤੇ ਕਰੀਬ 64.32 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਲਈ ਆਵਾਜਾਈ ਸੁਖਾਵੀਂ ਹੋ ਸਕੇ।
ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਵਿੱਚ ਕੋਈ ਖਾਮੀ ਨਹੀਂ ਹੋਣੀ ਚਾਹੀਦੀ, ਬੇਨਿਯਮੀ ਪਾਏ ਜਾਣ ‘ਤੇ ਸਬੰਧਤ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਬੱਗਾ ਨੇ ਕਲੋਨੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਮੌਕੇ ’ਤੇ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆਵਾਂ ਜਲਦ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਉਨ੍ਹਾਂ ਬੁੱਢੇ ਨਾਲੇ ਦੇ ਨਾਲ-ਨਾਲ ਚੱਲ ਰਹੇ ਪਾਈਪਲਾਈਨ ਪ੍ਰਾਜੈਕਟ ਦਾ ਵੀ ਜਾਇਜ਼ਾ ਲਿਆ ਅਤੇ ਆਪਣੇ ਡ੍ਰੀਮ ਪ੍ਰਾਜੈਕਟ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਵਿੱਚ ਤਬਦੀਲ ਕਰਨ ਦੀ ਆਪਣੀ ਵਚਨਬੱਧਤਾ ਹੋਰ ਮਜ਼ਬੂਤ ਕੀਤੀ। ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਪ੍ਰਧਾਨ ਡਰੀਮ ਲੇਨ ਵੈੱਲਫੇਅਰ ਸੁਸਾਇਟੀ ਤੋਂ ਪ੍ਰਦੀਪ ਗੁਪਤਾ, ਅਮਨ ਬੱਗਾ, ਕਾਰਜਕਾਰੀ ਇੰਜਨੀਅਰ ਸੰਜੀਵ ਸ਼ਰਮਾ, ਐੱਸ.ਡੀ.ਓ ਵਨੀਤ ਸ਼ਰਮਾ, ਜੇ.ਈ. ਅੰਕੁਸ਼ ਸ਼ਰਮਾ, ਮੀਨਾ ਸ਼ਾਹ ਤੇ ਬਿੱਟੂ ਭਨੋਟ ਤੋਂ ਇਲਾਵਾ ਕਲੋਨੀ ਦੇ ਵਸਨੀਕ ਮੌਜੂਦ ਸਨ।