ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਗਸਤ
ਸੂਬੇ ਦੀ ਆਰਥਿਕ ਰਾਜਧਾਨੀ ਸੜਕ ਹਾਦਸਿਆਂ ਦੇ ਮਾਮਲੇ ਵਿੱਚ ਦੇਸ਼ ਵਿੱਚ ਪੰਜਵੇਂ ਨੰਬਰ ’ਤੇ ਪੁੱਜ ਗਈ ਹੈ। ਇਹ ਖੁਲਾਸਾ ਐੱਨ.ਸੀ.ਆਰ.ਬੀ. (ਕੌਮੀ ਅਪਰਾਧ ਰਿਕਾਰਡ ਬਿਊਰੋ) ਦੀ ਰਿਪੋਰਟ ਵਿੱਚ ਹੋਇਆ ਹੈ ਜਿਸ ਮੁਤਾਬਕ ਸ਼ਹਿਰ ਵਿੱਚ ਸਾਲ 2021 ਵਿੱਚ 478 ਸੜਕ ਹਾਦਸੇ ਵਾਪਰੇ ਹਨ ਜਿਨ੍ਹਾਂ ਵਿੱਚ ਮੌਤ ਦਰ 77.2 ਫੀਸਦੀ ਰਹੀ ਜੋ ਸਾਲ 2020 ਦੇ ਮੁਕਾਬਲੇ 4.72 ਫ਼ੀਸਦੀ ਜ਼ਿਆਦਾ ਹੈ।
ਰਿਪੋਰਟ ਮੁਤਾਬਕ ਗੁਜਰਾਤ ਦਾ ਰਾਜਕੋਟ 92.9 ਫੀਸਦੀ ਦੇ ਨਾਲ ਪਹਿਲੇ ਨੰਬਰ ’ਤੇ ਹੈ। ਹਰਿਆਣਾ ਦਾ ਫਰੀਦਾਬਾਦ 90.9 ਫੀਸਦੀ ਨਾਲ ਦੂਸਰੇ ਨੰਬਰ ’ਤੇ ਹੈ, ਉਸ ਤੋਂ ਬਾਅਦ ਛੱਤੀਸਗੜ੍ਹ ਦਾ ਰਾਏਪੁਰ 89 ਫੀਸਦੀ ਨਾਲ ਤੀਸਰੇ ਨੰਬਰ ਅਤੇ ਪੱਛਮੀ ਬੰਗਾਲ ਦਾ ਆਸਨਸੋਲ 86.7 ਫ਼ੀਸਦੀ ਮੌਤ ਦਰ ਨਾਲ ਚੌਥੇ ਨੰਬਰ ’ਤੇ ਹੈ।
ਰਿਪੋਰਟ ਮੁਤਾਬਕ ਲੁਧਿਆਣਾ ’ਚ ਸਾਲ 2021 ’ਚ 478 ਸੜਕ ਹਾਦਸੇ ਵਾਪਰੇ ਹਨ, ਜਿਨ੍ਹਾਂ ’ਚ 380 ਲੋਕਾਂ ਦੀ ਜਾਨ ਗਈ ਹੈ, ਜਦਕਿ 169 ਲੋਕ ਫੱਟੜ ਹੋਏ। ਸ਼ਹਿਰ ’ਚ ਹਰ ਮਹੀਨੇ ਲਗਭਗ 40 ਸੜਕ ਹਾਦਸੇ ਹੋਏ ਤੇ ਹਰ ਮਹੀਨੇ 31 ਲੋਕਾਂ ਦੀ ਮੌਤ ਹੋਈ ਹੈ।
ਰੋਡ ਸੇਫਟੀ ਐਕਟਸਪਰਟ ਡਾ. ਕਮਲਜੀਤ ਸੋਈ ਦੀ ਮੰਨੀਏ ਤਾਂ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਵਾਹਨਾਂ ਦੀ ਤੇਜ਼ ਰਫ਼ਤਾਰੀ ਹੈ। ਉਨ੍ਹਾਂ ਦੱਸਿਆ ਕਿ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਲੁਧਿਆਣਾ ’ਚ 2020 ’ਚ 388 ਸੜਕ ਹਾਦਸੇ ਵਾਪਰੇ ਸਨ, ਜਿਸ ’ਚ 281 ਲੋਕਾਂ ਦੀ ਮੌਤ ਹੋਈ ਸੀ ਜਿਸ ਦੌਰਾਨ ਮੌਤ ਦੀ ਦਰ 72.42 ਫੀਸਦੀ ਸੀ, ਜਦਕਿ 2019 ’ਚ ਮ੍ਰਿਤਕ ਦਰ 69.39 ਫ਼ੀਸਦੀ ਸੀ। ਉਨ੍ਹਾਂ ਦੱਸਿਆ ਕਿ ਸਾਲ 2019 ’ਚ ਲੁਧਿਆਣਾ ਜ਼ਿਲ੍ਹੇ ਵਿੱਚ ਵਾਪਰੇ ਕੁੱਲ 526 ਸੜਕ ਹਾਦਸਿਆਂ ’ਚ ਕੁੱਲ 365 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਹੁਣ ਸਾਲ 2021 ਵਿੱਚ ਵਾਪਰੇ 478 ਸੜਕ ਹਾਦਸਿਆਂ ਕਾਰਨ 380 ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ ਪਿੱਛੇ ਦੂਸਰੇ ਨੰਬਰ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਵੀ ਮੁੱਖ ਕਾਰਨ ਹੈ ਤੇ ਤੀਜੇ ਨੰਬਰ ’ਤੇ ਇੱਕ ਹੋਰ ਮੁੱਖ ਕਾਰਨ ਸੜਕਾਂ ’ਤੇ ਬਲੈਕ ਪੁਆਇੰਟਸ ਹਨ।
ਉੱਧਰ, ਸ਼ਹਿਰ ਵਿੱਚ ਵੀ ਟਰੈਫਿਕ ਪੁਲੀਸ ਨੇ 45 ਬਲੈਕ ਪੁਆਇੰਟਸ ਦੀ ਪਛਾਣ ਕੀਤੀ ਸੀ, ਪਰ ਇਨ੍ਹਾਂ ਕਾਰਨਾਂ ਦੇ ਸਬੰਧ ’ਚ ਕੋਈ ਖਾਸ ਯੋਜਨਾ ਜਾਂ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਸ਼ਹਿਰ ਵਿੱਚ ਹੈਲਮੇਟ ਤੇ ਸੀਟ ਬੈਲਟ ਵਾਲਿਆਂ ਦੇ ਚਲਾਨ ਤਾਂ ਕਰ ਰਹੀ ਹੈ, ਪਰ ਉਸਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ।