ਗੁਰਿੰਦਰ ਸਿੰਘ
ਲੁਧਿਆਣਾ, 7 ਅਗਸਤ
ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਸੈਂਕੜੇ ਵਰਕਰਾਂ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਸਨੇ ਸੰਸਦ ਭਵਨ ਬਾਹਰ ਅਕਾਲੀ ਦਲ ਬਾਰੇ ਕੀਤੀ ਗਲਤ ਬਿਆਨਬਾਜ਼ੀ ਅਤੇ ਹਰਸਿਮਰਤ ਬਾਦਲ ਨਾਲ ਕੀਤੀ ਬਦਤਮੀਜ਼ੀ ਲਈ ਮੁਆਫ਼ੀ ਨਾ ਮੰਗੀ ਤਾਂ ਉਨ੍ਹਾਂ ਦਾ ਲੁਧਿਆਣਾ ਆਉਣ ’ਤੇ ਘਿਰਾਓ ਕੀਤਾ ਜਾਵੇਗਾ।
ਅੱਜ ਦੁੱਗਰੀ ਨਹਿਰ ਦੇ ਪੁਲ ’ਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸੁਰਜੀਤ ਸਿੰਘ ਅਤੇ ਬੀਬੀ ਗੁਰਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਦੀ ਅਗਵਾਈ ਹੇਠ ਬਿੱਟੂ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਅਕਾਲੀ-ਬਸਪਾ ਸੰਸਦ ਮੈਂਬਰਾਂ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈਕੇ ਕੀਤੇ ਜਾ ਰਹੇ ਵਿਰੋਧ ਮੌਕੇ ਬਿੱਟੂ ਨੇ ਅਕਾਲੀ ਦਲ ਅਤੇ ਹਰਸਿਮਰਤ ਬਾਦਲ ਬਾਰੇ ਗਲਤ ਟਿੱਪਣੀਆਂ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿੱਟੂ ਨੇ ਇਸ ਬਾਰੇ ਇਕ ਹਫ਼ਤੇ ਦੇ ਅੰਦਰ ਅੰਦਰ ਮੁਆਫ਼ੀ ਨਾ ਮੰਗੀ ਤਾਂ ਉਨ੍ਹਾਂ ਦਾ ਲੁਧਿਆਣਾ ਆਉਣ ’ਤੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰਾਣੀ ਧਾਲੀਵਾਲ, ਦਲਜੀਤ ਸਿੰਘ ਸੋਨੀ, ਕੁਲਦੀਪ ਸਿੰਘ ਕੋਹਲੀ, ਇੰਦਰਪਾਲ ਸਿੰਘ ਵਿੱਕੀ, ਅਮਰਜੀਤ ਸਿੰਘ ਰਾਜਪਾਲ, ਰਜਿੰਦਰ ਸਿੰਘ ਭਾਟੀਆ, ਜਸਪਾਲ ਸਿੰਘ ਸੰਨੀ, ਹਰਦੀਪ ਕੌਰ, ਗੁਰਮੀਤ ਕੋਰ, ਗੁਰਦੇਵ ਕੌਰ ਅਤੇ ਸਵਰਨ ਕੌਰ ਆਦਿ ਵੀ ਹਾਜ਼ਰ ਸਨ।