ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜੂਨ
ਲੁਧਿਆਣਾ ਭਾਜਪਾ ਵੱਲੋਂ ਅੱਜ 8 ਸਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਰੱਖੀ ਗਈ ਪੱਤਰਕਾਰ ਮਿਲਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ। ਦਰਅਸਲ, ਸਰਕਟ ਹਾਊਸ ਵਿੱਚ ਸੀਨੀਅਰ ਆਗੂ ਸ਼ਵੇਤ ਮਲਿਕ ਨੇ ਪੱਤਰਕਾਰ ਮਿਲਣੀ ਕਰਨੀ ਸੀ, ਇਸ ਦੌਰਾਨ ਪੁਲੀਸ ਨੇ ਸਖਤ ਪ੍ਰਬੰਧ ਕੀਤੇ ਹੋਏ ਸਨ, ਜਦੋਂ ਭਾਜਪਾ ਆਗੂ ਪੱਤਰਕਾਰ ਮਿਲਣੀ ਵਿਚ ਹਥਿਆਰ ਨਾ ਲਿਜਾਉਣ ਦੀ ਗੱਲ ਆਖਣ ਲੱਗੇ ਤਾਂ ਉਨ੍ਹਾਂ ਦੀ ਪੁਲੀਸ ਨਾਲ ਤਿੱਖੀ ਬਹਿਸ ਹੋ ਗਈ ਜਿਸ ਕਾਰਨ ਪੁਲੀਸ ਤੇ ਭਾਜਪਾ ਆਗੂ ਆਪਸ ਵਿੱਚ ਉਲਝ ਗਏ। ਐਸਐਚਓ ਨੇ ਸਾਫ਼ ਕਹਿ ਦਿੱਤਾ ਕਿ ਉਹ ਸਰਕਟ ਹਾਊਸ ਵਿੱਚ ਹਥਿਆਰ ਨਾਲ ਲੈ ਕੇ ਨਹੀਂ ਜਾਣ ਦੇਣਗੇ। ਦੂਜੇ ਪਾਸੇ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਹੈ ਕਿ ਉਹ ਹਥਿਆਰ ਨਾਲ ਹੀ ਰੱਖਣਗੇ। ਹੰਗਾਮਾ ਤੋਂ ਬਾਅਦ ਭਾਜਪਾ ਦੇ ਆਗੂ ਕਾਤੇਂਦੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਲਾਇਸੈਂਸੀ ਹਥਿਆਰ ਹੈ ਜੋ ਉਹ ਹਮੇਸ਼ਾ ਆਪਣੇ ਕੋਲ ਰੱਖਦੇ ਹਨ ਪਰ ਪੁਲੀਸ ਨੇ ਹਥਿਆਰ ਨਾਲ ਨਹੀਂ ਲਿਜਾਣ ਦਿੱਤੇ। ਬਾਅਦ ਵਿੱਚ ਸੀਨੀਅਰ ਪੁਲੀਸ ਮੁਲਾਜ਼ਮਾਂ ਦੀ ਦਖਲਅੰਦਾਜ਼ੀ ਨਾਲ ਮਾਮਲਾ ਸ਼ਾਂਤ ਹੋ ਗਿਆ। ਪੱਤਰਕਾਰ ਮਿਲਣੀ ਦੌਰਾਨ ਸੀਨੀਅਰ ਆਗੂ ਸ਼ਵੇਤ ਮਲਿਕ ਨੇ ਭਾਜਪਾ ਦੇ 8 ਸਾਲ ਪੂਰੇ ਹੋਣ ’ਤੇ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾਈਆਂ। ਦੂਜੇ ਪਾਸੇ ਸੂਬਾ ਸਰਕਾਰ ’ਤੇ ਵਰ੍ਹਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਪ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਰਹੀ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ। ਦਿਨ ਦਿਹਾੜੇ ਗੈਂਗਵਾਰ ਹੋ ਰਹੀ ਹੈ। ਲੁੱਟਾਂ ਖੋਹਾਂ ਵਿੱਚ ਵਾਧਾ ਹੋਇਆ ਹੈ ਪਰ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ’ਤੇ ਨਿਰਭਰ ਹਨ। ਉਨ੍ਹਾਂ ਕਿਹਾ ਜਿਵੇਂ ਦਿੱਲੀ ਤੋਂ ਹੁਕਮ ਆਉਂਦੇ ਹਨ, ਉਸ ਤਰੀਕੇ ਦੇ ਨਾਲ ਮਾਨ ਸਰਕਾਰ ਚਲ ਰਹੀ ਹੈ।