ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਅਗਸਤ
ਖੇਤੀ ਕਾਨੂੰਨਾਂ ਖ਼ਿਲਾਫ਼ ਅੱਠ ਮਹੀਨਿਆਂ ਤੋਂ ਪੱਕੇ ਮੋਰਚੇ ’ਤੇ ਆਪਣੇ ਕਿਸਾਨ ਭਰਾਵਾਂ ਨਾਲ ਡਟੀਆਂ ਭੈਣਾਂ ਨੇ ਅੱਜ ਕਿਲ੍ਹਾ ਰਾਏਪੁਰ ਵਿੱਚ ਤੀਆਂ ਮੌਕੇ ਇਨਕਲਾਬੀ ਕਿੱਕਲੀ ਪਾਈ। ਜਾਣਕਾਰੀ ਮੁਤਾਬਿਕ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਅੱਗੇ ਸੈਂਕੜਿਆਂ ਦੀ ਗਿਣਤੀ ਵਿੱਚ ਬੀਬੀਆਂ ਨੇ ਹੱਥਾਂ ਵਿਚ ਕਿਸਾਨੀ ਵਾਲੇ ਝੰਡੇ ਚੁੱਕ ਕੇ ਮਨੁੱਖੀ ਚੇਨ ਬਣਾਈ ਅਤੇ ਜਦੋਂ ਉੱਚੀ ਹੇਕ ਵਿਚ ਉਨ੍ਹਾਂ ‘ਕਿੱਕਲੀ ਕਲੀਰ ਦੀ, ਖੇਤੀ ਮੇਰੇ ਵੀਰ ਦੀ’ ਗੀਤ ਛੇੜਿਆ ਤਾਂ ਪੰਡਾਲ ਵਿਚ ਬੈਠੇ ਕਿਸਾਨ-ਮਜ਼ਦੂਰ ਵੀ ਨਾਅਰੇ ਮਾਰਦੇ ਭੈਣਾਂ ਦਾ ਸਾਥ ਦੇਣ ਲਈ ਉਨ੍ਹਾਂ ਦੇ ਪਿੱਛੇ ਤੁਰ ਪਏ।
ਇਸ ਦੌਰਾਨ ਅਮਨਦੀਪ ਕੌਰ, ਪਰਮਜੀਤ ਕੌਰ ਜੜਤੌਲੀ ਅਤੇ ਕੁਲਜੀਤ ਕੌਰ ਗਰੇਵਾਲ ਦੀ ਅਗਵਾਈ ਵਿਚ ਬੀਬੀਆਂ ਨੇ ਸੜਕ ਕਿਨਾਰੇ ਬਣਾਏ ਪੰਡਾਲ ਵਿਚ ਪਿੜ ਮੱਲ ਲਿਆ। ਉਨ੍ਹਾਂ ਕਿੱਕਲੀ ਮੈਂ ਪਾਉਂਦੀ ਹਾਂ, ਮੋਦੀ ਨੂੰ ਹਟਾਉਂਦੀ ਹਾਂ, ਝੰਡਾ ਲਹਿਰਾਉਂਦੀ ਹਾਂ, ਖੇਤੀ ਨੂੰ ਬਚਾਉਂਦੀ ਹਾਂ, ਕਿੱਕਲੀ ਕਲੀਰ ਦੀ, ਭੈਣ ਅਤੇ ਵੀਰ ਦੀ, ਸਾਂਝੀ ਬਾਤ ਪਾਉਂਦੀ ਹਾਂ, ਇਕ ਤੋਂ ਬਾਅਦ ਇਕ ਬੋਲੀਆਂ, ਗੀਤ, ਟੱਪੇ ਅਤੇ ਇਨਕਲਾਬੀ ਨਾਅਰਿਆਂ ਨਾਲ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿਚ ਨਵੀਂ ਰੂਹ ਫੂਕ ਦਿੱਤੀ।
ਲੁਟੇਰੇ ਰਾਜ ਪ੍ਰਬੰਧ ਨੂੰ ਜੜ੍ਹੋਂ ਪੁੱਟਣ ਦਾ ਹੋਕਾ ਦਿੰਦੀਆਂ ਇਨਕਲਾਬੀ ਬੋਲੀਆਂ, ਰਵਾਇਤੀ ਪੁਸ਼ਾਕਾਂ, ਘੱਗਰੇ ਅਤੇ ਫੁਲਕਾਰੀਆਂ ਲੈ ਕੇ ਗਿੱਧਾ ਪਾਉਂਦਿਆਂ ਬੀਬੀਆਂ ਨੇ ਰਾਹਗੀਰਾਂ ਨੂੰ ਖੜ੍ਹ ਕੇ ਸੁਣਨ ਲਈ ਮਜਬੂਰ ਕਰ ਦਿੱਤਾ। ਬੀਬੀਆਂ ਨੇ ਕੇਂਦਰ ਦੀ ਮੋਦੀ ਹਕੂਮਤ ਨੂੰ ਸੁਨੇਹਾ ਦਿੱਤਾ ਕਿ ਉਹ ਜਲਦੀ ਨਾਲ ਵਿਵਾਦਿਤ ਖੇਤੀ ਕਾਨੂੰਨ ਰੱਦ ਲੈ ਲਵੇ ਨਹੀਂ ਤਾਂ ਉਨ੍ਹਾਂ ਦੇ ਤਿਉਹਾਰ ਵੀ ਹਕੂਮਤ ਵਿਰੁੱਧ ਅੰਦੋਲਨ ਵਰਗੇ ਹੋ ਜਾਣਗੇ। ਇਨਕਲਾਬੀ ਤੀਆਂ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਤਿਉਹਾਰ ਜ਼ੁਲਮ ਅਤੇ ਕਾਰਪੋਰੇਟਾਂ ਵਿਰੁੱਧ ਲੜਾਈ ਦਾ ਹਥਿਆਰ ਬਣ ਗਏ ਹਨ। ਉਨ੍ਹਾਂ ਕਿਹਾ ਕਿ ਗੀਤ, ਬੋਲੀਆਂ, ਗਿੱਧੇ, ਭੰਗੜੇ ਨੇ ਵੀ ਅੰਦੋਲਨ ਦੀ ਸਭਿਆਚਾਰਕ ਧਾਰ ਨੂੰ ਹੋਰ ਤਿੱਖਾ ਕੀਤਾ ਹੈ ਅਤੇ ਇਸ ਨੇ ਅੰਦੋਲਨ ਦੀ ਜਲਦੀ ਫ਼ਤਿਹ ਦਾ ਜ਼ਾਮਨ ਬਣਨਾ ਹੈ। ਭੈਣਾਂ ਨੇ ਸ਼ਾਨਦਾਰ ਪ੍ਰਬੰਧਾਂ ਲਈ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਦਾ ਧੰਨਵਾਦ ਕੀਤਾ। ਰਜਿੰਦਰ ਕੌਰ, ਰਣਜੀਤ ਕੌਰ ਲੁਧਿਆਣਾ, ਜਰਨੈਲ ਗਿੱਲ, ਨਵਦੀਪ ਕੌਰ, ਪੁਨੀਤ ਕੌਰ, ਰਣਜੀਤ ਕੌਰ ਗੁੱਜਰਵਾਲ, ਡਾਕਟਰ ਕਮਲ ਰਤਨ, ਸੁੱਖੀ ਜੋਧਾਂ ਸਮੇਤ ਅਨੇਕਾਂ ਆਗੂ ਭੈਣਾਂ ਨੇ ਸੰਬੋਧਨ ਕੀਤਾ। ਉਨ੍ਹਾਂ ਅਡਾਨੀਆਂ ਅਤੇ ਮੀਡੀਆ ਦੇ ਇਕ ਹਿੱਸੇ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿੰਦਾ ਕਰਦਿਆਂ ਕਾਰਪੋਰੇਟ ਘਰਾਣਿਆਂ ਨੂੰ ਭਜਾਉਣ ਲਈ ਅੰਦੋਲਨਕਾਰੀਆਂ ਦੀ ਪਿੱਠ ਥਾਪੜੀ। ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਬੀਬੀਆਂ ਦੇ ਇਸ ਤਿਉਹਾਰ ਲਈ ਖੀਰ, ਕੜਾਹ ਅਤੇ ਹੋਰ ਪਕਵਾਨ ਭੇਜ ਕੇ ਆਪਣਾ ਯੋਗਦਾਨ ਪਾਇਆ।