ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਅਕਤੂਬਰ
ਇਨਕਲਾਬੀ ਕੇਂਦਰ ਪੰਜਾਬ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ‘ਕੰਮ ਬੋਲਦਾ’ ਦਰਸਾਉਣ ਲਈ 7 ਮਹੀਨੇ ਬਨਾਮ 70 ਸਾਲ ਦੇ ਸਿਰਲੇਖ ਹੇਠ ਦਿੱਤੇ ਇਸ਼ਤਿਹਾਰਾਂ ’ਤੇ ਇਤਰਾਜ਼ ਪ੍ਰਗਟਾਇਆ ਹੈ। ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇਥੇ ਕਿਹਾ ਕਿ ਜੇਕਰ ਸਰਕਾਰ ਨੇ ਸੱਚਮੁੱਚ ਇਹ ਕੰਮ ਕੀਤੇ ਹੋਣ ਤਾਂ ਇਸ਼ਤਿਹਾਰਬਾਜ਼ੀ ਰਾਹੀਂ ਬੋਲਣ ਦੀ ਲੋੜ ਨਹੀਂ ਸੀ ਪੈਣੀ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚੋਂ ਲੱਖਾਂ ਰੁਪਏ ਖਰਚ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ। ਆਗੂ ਨੇ ਕਿਹਾ ਕਿ ਅਸਲ ਵਿੱਚ ਸਰਕਾਰੀ ਖਜ਼ਾਨੇ ਨੂੰ ਸੰਨ੍ਹ ਲਾ ਕੇ ਆਪਣੇ ਮੂੰਹ ਮੀਆਂ ਮਿੱਠੂ ਬਨਣ ਦਾ ਇਹ ਅਮਲ ਦਰਸਾਉਂਦਾ ਹੈ ਕਿ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਇਸ ਸਰਕਾਰ ਕੋਲ ਵੀ ਅਕਾਲੀਆਂ-ਕਾਂਗਰਸੀਆਂ ਵਾਂਗ ਕੋਈ ਯੋਜਨਾ ਨਹੀਂ ਹੈ। ਭਗਵੰਤ ਮਾਨ ਸਰਕਾਰ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਸੂਬੇ ਵਿੱਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਚਾਰ, ਨਸ਼ਿਆਂ, ਨਾਜਾਇਜ਼ ਮਾਈਨਿੰਗ ਮਾਫੀਆ ਆਦਿ ਅਤਿਅੰਤ ਭਖਦੇ ਮਸਲਿਆਂ ਦੇ ਹੱਲ ਲਈ ਆਪਣੀ ਪਾਰਟੀ ਦਾ ਪ੍ਰੋਗਰਾਮ ਨਸ਼ਰ ਕਰਨ।
ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਵਿੱਚ ਨਵੀਂ ਠੋਸ ਖੇਤੀ ਨੀਤੀ, ਠੋਸ ਜਲ ਨੀਤੀ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਨੀਤੀ, ਮਹਿੰਗਾਈ ਨੂੰ ਰੋਕਣ ਲਈ ਲੋੜੀਂਦੇ ਕਦਮ, ਬੇਰੁਜ਼ਗਾਰੀ ਦੇ ਖਾਤਮੇ ਲਈ ਯੋਜਨਾਬੰਦੀ, ਪੇਂਡੂ ਮਜ਼ਦੂਰਾਂ ਦੇ ਠੰਢੇ ਪੈ ਰਹੇ ਚੱਲ੍ਹਿਆਂ ਨੂੰ ਮਘਾਉਣ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕੋਈ ਠੋਸ ਪੇਸ਼ਬੰਦੀ ਵਰਗੇ ਦਰਜਨਾਂ ਗੰਭੀਰ ਮਸਲੇ ਹਨ, ਜਿਨ੍ਹਾਂ ਦਾ ਹੱਲ ਕੱਢਣਾ ਸਮੇਂ ਦੀ ਮੰਗ ਹੈ।