ਜੋਗਿੰਦਰ ਸਿੰਘ ਓਬਰਾਏ
ਖੰਨਾ, 18 ਮਾਰਚ
ਨਸ਼ਾ ਤਸਕਰ ਤੇ ਸਾਬਕਾ ਸਰਪੰਚ ਗੁਰਦੀਪ ਰਾਣੋਂ ਨੇ ਜਾਂਚ ਦੌਰਾਨ ਐੱਸਟੀਐੱਫ਼ ਕੋਲ ਪੰਜਾਬ ਪੁਲੀਸ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਕਈ ਦੋਸ਼ ਲਾਏ ਹਨ, ਜਿਨ੍ਹਾਂ ਵਿਚ ਇਕ ਆਈਪੀਐੱਸ ਅਧਿਕਾਰੀ ਵੀ ਸ਼ਾਮਲ ਹੈ। ਇਹ ਗੱਲ ਅੱਜ ਇਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਹੀ। ਉਨ੍ਹਾਂ ਦੱਸਿਆ ਕਿ ਗੁਰਦੀਪ ਰਾਣੋਂ ਨੇ ਐੱਸਟੀਐੱਫ ਕੋਲ ਦੱਸਿਆ ਕਿ ਉਹ ਨਾ ਸਿਰਫ਼ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਪੈਸੇ ਦਿੰਦਾ ਸੀ ਬਲਕਿ ਇਨ੍ਹਾਂ ਅਧਿਕਾਰੀਆਂ ਨੂੰ ਕੁੜੀਆਂ ਵੀ ਸਪਲਾਈ ਕਰਦਾ ਸੀ। ਉਸ ਨੇ ਆਪਣੇ ਬਿਆਨ ਵਿਚ ਵਿੱਤੀ ਲੈਣ ਦੇਣ ਤੇ ਹੋਟਲਾਂ ਦਾ ਵੇਰਵਾ ਵੀ ਦਿੱਤਾ ਜਿੱਥੇ ਕਈ ਤਰ੍ਹਾਂ ਦੇ ਕੁਕਰਮ ਹੋਏ। ਐੱਸਟੀਐੱਫ ਉਸੇ ਰਿਪੋਰਟ ’ਤੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕਰ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਐਂਟੀ ਡਰੱਗ ਐੱਸਟੀਐੱਫ ਨੇ ਪਿੰਡ ਰਾਣੋਂ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਸਮੇਤ ਚਾਰ ਵਿਅਕਤੀਆਂ ਨੂੰ ਜਗਰਾਉਂ ਨੇੜੇ 21 ਲੱਖ ਰੁਪਏ ਦੀ ਡਰੱਗ ਮਨੀ ਅਤੇ 5.39 ਕਿੱਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ। ਗਿਆਸਪੁਰਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੁਰਦੀਪ ਸਿੰਘ ਨੇ ਕਿਹਾ ਕਿ ਹਰਦੀਪ ਸਿੰਘ ਉਰਫ਼ ਦੀਪਾ ਪਿੰਡ ਡੇਹਕੜਾ ਉਸ ਦਾ ਦੋਸਤ ਸੀ, ਜਿਸ ਨੇ ਉਸ ਨੂੰ ਇਕ ਪੰਜਾਬੀ ਕਲਾਕਾਰ ਨਾਲ ਜਾਣੂ ਕਰਵਾਇਆ, ਜਿਸ ਨੇ ਅੱਗੇ ਗੁਰਦੀਪ ਨੂੰ ਆਈਪੀਐੱਸ ਅਫ਼ਸਰ ਪਰਮਰਾਜ ਸਿੰਘ ਉਮਰਾਨੰਗਲ ਨਾਲ ਮਿਲਵਾਇਆ, ਜੋ ਉਸ ਸਮੇਂ ਲੁਧਿਆਣਾ ਰੇਂਜ ਵਿਚ ਤਾਇਨਾਤ ਸੀ। ਇਸੇ ਤਰ੍ਹਾਂ ਸੇਵਾ ਸਿੰਘ ਮਾਲੀ, ਪੀਪੀਐੱਸ, ਐੱਸਪੀ (ਡੀ) ਫਰੀਦਕੋਟ ਬਾਰੇ ਵੀ ਕਈ ਅਹਿਮ ਖੁਲਾਸੇ ਰਿਪੋਰਟ ਵਿਚ ਸ਼ਾਮਲ ਹਨ। ਇੰਜ. ਗਿਆਸਪੁਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਪਰੋਕਤ ਦੋਸ਼ੀ ਪਾਏ ਉੱਚ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।