ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਅਗਸਤ
ਸੇਵਾਮੁਕਤ ਐੱਸਐੱਚਓ ਨੇ ਇਨਸਾਫ਼ ਨਾ ਮਿਲਣ ਤੇ ਥਾਣਾ-1 ਦੇ ਬਾਹਰ ਸੜਕ ’ਤੇ ਧਰਨਾ ਲਗਾ ਦਿੱਤਾ, ਜਿਸ ਕਾਰਨ ਕੁਝ ਸਮੇਂ ਲਈ ਟਰੈਫ਼ਿਕ ਜਾਮ ਰਿਹਾ। ਪੰਜਾਬ ਪੁਲੀਸ ਦੇ ਸੇਵਾਮੁਕਤ ਐੱਸਐੱਚਓ ਰਣਜੀਤ ਸਿੰਘ (70) ਪੁੱਤਰ ਆਤਮਾ ਸਿੰਘ ਵਾਸੀ ਬਸੰਤ ਨਗਰ ਖੰਨਾ ਨੇ ਦੱਸਿਆ ਕਿ ਇਕ ਮਾਮਲੇ ’ਚ ਜੱਜ ਨੇ ਉਸ ਨੂੰ 500 ਰੁਪਏ ਜੁਰਮਾਨਾ ਲਗਾਇਆ ਸੀ, ਜਿਸ ਨੂੰ ਜਮ੍ਹਾਂ ਕਰਵਾਉਣ ਲਈ ਜਦੋਂ ਬੈਂਕ ’ਚ ਪਹੁੰਚਿਆ ਤਾਂ ਬੈਂਕ ਦੇ ਬਾਹਰ ਖੜ੍ਹੇ ਕੁਝ ਵਿਅਕਤੀਆਂ ਨੇ ਉਸ ਤੋਂ ਪੈਸੇ ਲੈ ਕੇ ਉਸ ਨੂੰ ਜਾਅਲੀ ਰਸੀਦ ਦੇ ਦਿੱਤੀ। ਇਸ ਬਾਰੇ ਪਤਾ ਲੱਗਣ ’ਤੇ ਜਦੋਂ ਉਹ ਮੁੜ ਬੈਂਕ ਪੁੱਜਿਆ ਤਾਂ ਉਸੇ ਵਿਅਕਤੀ ਨੇ ਕੁੱਟਮਾਰ ਕਰਦਿਆਂ ਉਸ ਦਾ ਫੋਨ ਖੋਹ ਲਿਆ। ਜ਼ਖ਼ਮੀ ਹਾਲਤ ’ਚ ਉਹ ਸਿਵਲ ਹਸਪਤਾਲ ਪਹੁੰਚਿਆ, ਜਿੱਥੇ ਐੱਮਐੱਲਆਰ ਕੱਟਣ ਮਗਰੋਂ ਵੀ ਕੋਈ ਪੁਲੀਸ ਮੁਲਾਜ਼ਮ ਉਸ ਦੇ ਬਿਆਨ ਲੈਣ ਨਹੀਂ ਆਇਆ, ਜਿਸ ਕਾਰਨ ਉਸ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਸੇਵਾਮੁਕਤ ਮੁਲਾਜ਼ਮ ਦੇ ਧਰਨੇ ਮਗਰੋਂ ਥਾਣਾ-1 ਦੇ ਐੱਸਐੱਚਓ ਕੁਲਜਿੰਦਰ ਸਿੰਘ ਦੀ ਅਗਵਾਈ ਹੇਠ ਸੇਵਾਮੁਕਤ ਐੱਸਐੱਚਓ ਨੂੰ ਮਾਮਲੇ ਸਬੰਧੀ ਪੁੱਛਿਆ ਤੇ ਕਾਰਵਾਈ ਦਾ ਭਰੋਸਾ ਦਿੱਤਾ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।