ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 6 ਜੂਨ
ਇੱਥੇ ਸੇਵਾਮੁਕਤ ਬਿਜਲੀ ਕਾਮਿਆਂ ਦੀ ਜਥੇਬੰਦੀ ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ/ਟ੍ਰਾਂਸਕੋ ਡਿਵੀਜ਼ਨ ਦੋਰਾਹਾ ਦੇ ਮੈਬਰਾਂ ਦੀ ਇਕੱਤਰਤਾ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਅਤੇ ਅਦਾਰੇ ਦੀ ਮੈਨੇਜਮੈਂਟ ਵੱਲੋਂ ਅਣਗੌਲਿਆਂ ਕਰਨ ’ਤੇ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਇਸ ਵਿਚ ਬਿਜਲੀ ਕਾਮਿਆਂ ਨੂੰ ਆਉਂਦੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਹਰਭੂਲ ਸਿੰਘ, ਸੁਰਿੰਦਰ ਪਾਲ, ਸੁਖਦੇਵ ਸਿੰਘ ਮਾਂਗਟ, ਤਰਸੇਮ ਲਾਲ, ਹਰਬੰਸ ਸਿੰਘ ਅਤੇ ਹਰਚਰਨ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ-ਮਜ਼ਦੂਰ-ਮੁਲਾਜ਼ਮ ਤੇ ਹੋਰ ਮਿਹਨਤਕਸ਼ ਲੋਕ ਵਿਰੋਧੀ ਨੀਤੀਆਂ ਨਿੱਜੀਕਰਨ ਲਾਗੂ ਕਰਨਾ, ਪੱਕਾ ਰੁਜ਼ਗਾਰ ਖ਼ਤਮ ਕਰਨਾ, ਮਹਿੰਗਾਈ ਨੂੰ ਹੋਰ ਵਧਾਉਣਾ, ਮਿਲਦੀਆਂ ਆਰਥਿਕ ਸਹੂਲਤਾਂ ਸਬਸਿਡੀਆ ਖ਼ਤਮ ਕਰਨਾ, ਫ਼ਿਰਕਾਪ੍ਰਸਤੀ ਆਦਿ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 5 ਮਈ ਨੂੰ ਜਥੇਬੰਦੀ ਦੀ ਸੂਬਾ ਕਮੇਟੀ ਨਾਲ ਪਾਵਰਕੌਮ/ਟ੍ਰਾਂਸਕੋ ਮੈਨੇਜਮੈਂਟ ਵੱਲੋਂ 2015 ਤੋਂ ਪਹਿਲਾਂ ਸੇਵਾਮੁਕਤ ਹੋਏ ਕਾਮਿਆਂ ਨੂੰ 2.59 ਮੁਤਾਬਿਕ ਸਕੇਲ ਦੇਣ ਦਾ ਬਿਜਲੀ ਯੂਨਿਟਾਂ ਦੀ ਰਿਆਇਤ ਦੇਣਾ, ਕੈਸਲੈੱਸ ਸਕੀਮ ਮੁੜ ਚਾਲੂ ਕਰਨਾ, ਮੈਡੀਕਲ ਰੀਬਰਸਮੈਂਟ, 25 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕਾਮਿਆਂ ਨੂੰ ਪੂਰੀ ਪੈਨਸ਼ਨ ਦੇਣ, ਮੈਡੀਕਲ ਭੱਤਾ ਦੋ ਹਜ਼ਾਰ ਪ੍ਰਤੀ ਮਹੀਨਾ ਕਰਨ ਆਦਿ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਜੇ ਭਰੋਸੇ ਮੁਤਾਬਿਕ ਇਨ੍ਹਾਂ ਮੰਗਾਂ ਮਸਲਿਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ।