ਪੱਤਰ ਪ੍ਰੇਰਕ
ਸਮਰਾਲਾ, 10 ਅਕਤੂਬਰ
ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕੌਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪ੍ਰਧਾਨ ਸਿਕੰਦਰ ਸਿੰਘ ਨੇ ਪੈਨਸ਼ਨਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਚੇਅਰਮੈਨ ਪਾਵਰਕੌਮ ਨਾਲ ਮੀਟਿੰਗ ਦੌਰਾਨ ਕੁਝ ਮੰਗਾਂ ਮੰਨਣ ਅਤੇ ਕੁਝ ਸਿਫਾਰਸ਼ ਕਰਕੇ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਭੇਜਣ ’ਤੇ ਸਹਿਮਤੀ ਬਣੀ ਸੀ ਪਰ ਅਜੇ ਤੱਕ ਇਨ੍ਹਾਂ ’ਤੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਆਗੂਆਂ ਨੇ ਕਿਹਾ ਕਿ ਜੇਕਰ 2.59 ਦੇ ਫੈਕਟਰ ਨਾਲ ਪੇਅ ਸਕੇਲ ਸੋਧ ਕੇ ਏਰੀਅਰ ਦੇਣ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣ, ਡੀਏ 38 ਫ਼ੀਸਦ, ਪੈਨਸ਼ਨਰਾਂ ਦੇ ਬਕਾਏ, ਮੈਡੀਕਲ ਭੱਤਾ 2500 ਰੁਪਏ ਕਰਨ ਲਈ ਸੂਬਾ ਸਰਕਾਰ ਜਾਂ ਪਾਵਰਕੌਮ ਦੇ ਚੇਅਰਮੈਨ ਜਲਦੀ ਕੋਈ ਕਦਮ ਨਹੀਂ ਚੁੱਕਦੇ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢੇਗੀ, ਜਿਸ ਦੀ ਜ਼ਿੰਮੇਵਾਰੀ ‘ਆਪ’ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਇੰਜ ਪ੍ਰੇਮ ਸਿੰਘ, ਇੰਜ ਜੁਗਲ ਕਿਸ਼ੋਰ ਸਾਹਨੀ, ਦਰਸ਼ਨ ਸਿੰਘ ਕੋਟਾਲਾ, ਅਮਰੀਕ ਸਿੰਘ ਮੁਸ਼ਕਾਬਾਦ, ਪ੍ਰੇਮ ਕੁਮਾਰ ਸਮਰਾਲਾ, ਜਸਵੰਤ ਸਿੰਘ ਢੰਡਾ, ਗੁਰਮੁੱਖ ਸਿੰਘ ਕੋਟਾਲਾ, ਜਗਤਾਰ ਸਿੰਘ, ਹਰਪਾਲ ਸਿੰਘ ਸਿਹਾਲਾ ਤੇ ਅਮਰਜੀਤ ਸਿੰਘ ਮਾਛੀਵਾੜਾ ਹਾਜ਼ਰ ਸਨ।
ਦੋਰਾਹਾ (ਪੱਤਰ ਪ੍ਰੇਰਕ): ਬਿਜਲੀ ਬੋਰਡ ਨਾਲ ਸਬੰਧਤ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ/ਟਰਾਂਸਕੋ ਡਵੀਜ਼ਨ ਦੋਰਾਹਾ ਅਧੀਨ ਪੈਂਦੀਆਂ ਸਬ-ਡਵੀਜ਼ਨਾਂ ਦੇ ਸੇਵਾਮੁਕਤ ਕਾਮਿਆਂ ਨੇ ਮੰਗਾਂ ਮਨਵਾਉਣ ਲਈ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪ੍ਰਦਰਸ਼ਨ ਕੀਤਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਇੰਦਰਜੀਤ ਸਿੰਘ ਤੇ ਤਰਸੇਮ ਲਾਲ ਨੇ ਵਿਭਾਗ ਨਾਲ ਹੋਈਆਂ ਮੀਟਿੰਗਾਂ ਦੌਰਾਨ ਅਪਨਾਏ ਮੁਲਾਜ਼ਮ ਵਿਰੋਧੀ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 2015 ਤੋਂ ਪਹਿਲਾਂ ਸੇਵਾਮੁਕਤ ਹੋਏ ਮੁਲਾਜ਼ਮਾਂ ਦਾ ਪੈਨਸ਼ਨ ਸਕੇਲ 2.59 ਨਾਲ ਰੀਵਾਈਜ ਕਰਨ, 2016 ਮਗਰੋਂ ਸੇਵਾਮੁਕਤ ਹੋਏ ਕਾਮਿਆਂ ਦੇ ਫ਼ਿਕਸ ਕੀਤੇ ਸਕੇਲਾਂ ਦਾ ਬਣਦਾ ਬਕਾਇਆ ਦੇਣ, ਕੈਸ਼ਲੈੱਸ ਸਕੀਮ ਮੁੜ ਚਾਲੂ ਕਰਨ, ਬਣਦੀਆਂ ਡੀਏ ਦੀਆਂ ਕਿਸ਼ਤਾਂ ਦੇਣ, ਠੇਕੇ ’ਤੇ ਰੱਖੇ ਕਾਮਿਆਂ ਨੂੰ ਪੱਕਾ ਕਰਨ, ਖਾਲੀ ਪਈਆਂ ਅਸਾਮੀਆਂ ਭਰਨ, ਪਟਿਆਲਾ ਸਰਕਲ ਦੇ ਡਿਸਮਿਸ ਕਾਮਿਆਂ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਸੇਵਾਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਹਰਚਰਨ ਸਿੰਘ ਗਰੇਵਾਲ, ਰਾਕੇਸ਼ ਕੁਮਾਰ, ਰਾਮ ਕ੍ਰਿਸ਼ਨ, ਭਗਵੰਤ ਸਿੰਘ, ਜਗਦੇਵ ਸਿੰਘ, ਸਾਂਗਾ ਰਾਮ, ਰਾਮ ਸਰੂਪ, ਸਿਕੰਦਰ ਸਿੰਘ ਅਤੇ ਨਛੱਤਰ ਸਿੰਘ ਹਾਜ਼ਰ ਸਨ।
ਮੁਲਾਜ਼ਮਾਂ ਦਾ ਬਕਾਇਆ ਜਾਰੀ ਕਰਨ ਦੀ ਮੰਗ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸਬਲੋਕ ਸੇਵਾ ਮਿਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਸਰਕਾਰ ਤੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰਨ ਦੀ ਮੰਗ ਕੀਤੀ। ਇੱਥੇ ਅੱਜ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰਵੱਈਏ ਤੋਂ ਮੁਲਾਜ਼ਮ ਅਤੇ ਸੇਵਾਮੁਕਤ ਕਾਮੇ ਨਾਰਾਜ਼ ਹਨ। ਉਨ੍ਹਾਂ 10 ਫ਼ੀਸਦੀ ਡੀਏ ਅਤੇ ਮੁਲਾਜ਼ਮਾਂ ਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿੱਚ ਵੀ ਮੁਲਾਜ਼ਮਾਂ ਅਤੇ ਰਿਟਾਇਰ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ ਸੀ। ਵਿਜੈ ਕੁਮਾਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।