ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਨਵੰਬਰ
ਇਥੇ ਰੇਲਵੇ ਪਾਰਕ ’ਚ ਇਕ ਸਾਲ ਤੇ ਪੰਜਾਹ ਦਿਨ ਤੋਂ ਚੱਲਦੇ ਕਿਸਾਨ ਮੋਰਚੇ ’ਚ ਬਿਨਾਂ ਨਾਗੇ ਦੇ ‘ਨਿੱਤਨੇਮ’ ਵਾਂਗ ਸ਼ਾਮਲ ਹੁੰਦੇ ਆ ਰਹੇ ਪਿੰਡ ਡੱਲਾ ਦੇ ਬਾਬਾ ਭਾਗ ਸਿੰਘ ਚਾਹਲ ਦਾ ਅੱਜ ਕਾਨੂੰਨ ਵਾਪਸੀ ਦੇ ਐਲਾਨ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। 82 ਸਾਲਾ ਬਾਬਾ ਰੋਜ਼ਾਨਾ ਅੱਧਾ ਘੰਟਾ ਦਸ ਕਿਲੋਮੀਟਰ ਸਾਈਕਲ ਚਲਾ ਕੇ ਇਸ ਧਰਨੇ ’ਚ ਸ਼ਾਮਲ ਹੁੰਦਾ ਆ ਰਿਹਾ ਹੈ। ਮੀਂਹ ਹਨ੍ਹੇਰੀ, ਸਰਦੀ ਗਰਮੀ ਹਰ ਮੌਸਮ ’ਚ ਉਸ ਨੇ ਕੋਈ ਛੁੱਟੀ ਨਹੀਂ ਕੀਤੀ। ਬੀਕੇਯੂ ਏਕਤਾ (ਡਕੌਂਦਾ) ਇਨਕਲਾਬੀ ਕੇਂਦਰ ਪੰਜਾਬ, ਲੋਕ ਇਨਸਾਫ਼ ਪਾਰਟੀ ਅਤੇ ਹੈਲਪਿੰਗ ਹੈਂਡ ਦੇ ਨੁਮਾਇੰਦਿਆਂ ਨੇ ਬਾਬੇ ਨੂੰ ਸਨਮਾਨਿਤ ਕੀਤਾ ਤੇ ਮੂੰਹ ਵੀ ਮਿੱਠਾ ਕਰਵਾ ਕੇ ਵਧਾਈ ਦਿੱਤੀ। ਮਹਿੰਦਰ ਸਿੰਘ ਕਮਾਲਪੁਰਾ, ਗੁਰਮੇਲ ਸਿੰਘ ਭਰੋਵਾਲ, ਕੰਵਲਜੀਤ ਖੰਨਾ, ਜਗਰੂਪ ਸਿਮਘ ਸੋਹੀ ਅਤੇ ਉਮੇਸ਼ ਛਾਬੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਪੁਰਬ ਦੇ ਸ਼ੁਭ ਦਿਹਾੜੇ ਮੌਕੇ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ ਕਿਸਾਨ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਹ ਸਭ ਬਾਬਾ ਭਾਗ ਸਿੰਘ ਵਰਗੇ ਸਿਰੜੀ, ਸਿਦਕੀ ਅਤੇ ਜਜ਼ਬੇ ਵਾਲੇ ਜੁਝਾਰੂਆਂ ਯੋਧਿਆਂ ਦੀ ਹਿੰਮਤ ਸਦਕਾ ਸੰਭਵ ਹੋਇਆ। ਆਗੂਆਂ ਨੇ ਕਿਹਾ ਕਿ ਸੰਸਦ ’ਚ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।