ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਮਾਰਚ
ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਵਿੱਚ ਅੱਜ ਮਨਾਏ ਮਹਿਲਾ ਦਿਵਸ ਸਬੰਧੀ ਸਮਾਗਮ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਹੈੱਡ ਟੀਚਰ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਮਾਗਮ ਦੌਰਾਨ ਡਾ. ਗੁਰਬਖਸ਼ ਕੌਰ ਅਤੇ ਪ੍ਰਿੰਸੀਪਲ ਕੀਰਤੀ ਸ਼ਰਮਾ ਵੱਲੋਂ ਸਿਹਤ ਅਤੇ ਸਿੱਖਿਆ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਪਸ੍ਰੀ ਸੇਖੋਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਸਿਹਤ ਸਬੰਧੀ ਸੰਭਵ ਸੇਵਾਵਾਂ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਮਾਜਿਕ ਬੁਰਾਈਆਂ ’ਤੇ ਅਧਾਰਿਤ ਪੇਂਟਿੰਗ ਨੁਮਾਇਸ਼ ਵੀ ਲਾਈ ਗਈ ਅਤੇ ਬੱਚਿਆਂ ਲਈ ਬਾਲ ਮੇਲੇ ਦਾ ਪ੍ਰਬੰਧ ਕੀਤਾ ਗਿਆ। ਇਸ ਮੇਲੇ ਦੌਰਾਨ ਮੈਜ਼ਿਕ ਸ਼ੋਅ ਅਤੇ ਪੁਰਾਣੀਆਂ ਖੇਡਾਂ ਬੱਚਿਆਂ ਲਈ ਆਕਰਸ਼ਨ ਦਾ ਕੇਂਦਰ ਰਹੀਆਂ। ਮੇਲੇ ਨੂੰ ਸਫਲ ਬਣਾਉਣ ਵਿੱਚ ਸਮਾਜ ਸੇਵੀ ਪਲਵੀ ਗਰਗ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਰਜਵੰਤ ਕੌਰ, ਰਜਨੀ, ਪਰਮਜੀਤ ਸਿੰਘ ਪਨੇਸਰ, ਆਯੂਸ਼ ਗੁਪਤਾ, ਸੁਰਿੰਦਰ ਸਿੰਘ ਕੰਗ, ਸੁਖਵਿੰਦਰ ਸਿੰਘ, ਜਨਮਦੀਪ ਕੌਰ ਆਦਿ ਹਾਜ਼ਰ ਰਹੇ।