ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜਨਵਰੀ
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਲੜਕੀਆਂ ਦਾ ਲੋਹੜੀ ਮੇਲਾ-2022 ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਸਾਬਕਾ ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ ਦੀ ਦੇਖ-ਰੇਖ ਅਤੇ ਪ੍ਰਧਾਨ ਮਧੂ ਵਰਮਾ, ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਦੀ ਅਗਵਾਈ ਵਿੱਚ ਮਨਾਇਆ ਗਿਆ ਜਿਸ ਵਿੱਚ ਨਵ-ਜਨਮੀਆਂ 101 ਬੱਚੀਆਂ (ਉਮਰ ਇੱਕ ਸਾਲ ਤੱਕ) ਨੂੰ ਅਸ਼ੀਰਵਾਦ ਅਤੇ ਲੋਹੜੀ ਦੇ ਤੋਹਫ਼ੇ ਪ੍ਰਦਾਨ ਕੀਤੇ ਗਏ। ਸਥਾਨਕ ਬਸੰਤ ਪਾਰਕ ਨਜ਼ਦੀਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਵਿੱਚ ਹੋਏ ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਲੀਨਾ ਟਪਾਰੀਆ, ਅਲਕਾ ਮਲਹੋਤਰਾ, ਮਨੀਸ਼ਾ ਕਪੂਰ, ਅਮਰਜੀਤ ਰਾਣੀ, ਸੰਤੋਸ਼ ਵਰਮਾ ਤੋਂ ਇਲਾਵਾ ਨੌਜਵਾਨ ਯੂਥ ਆਗੂ ਜੀਵਨ ਸੇਖਾ, ਬੱਸੀ ਢੋਲੇਵਾਲ ਵੀ ਪੁੱਜੇ। ਇਸ ਮੌਕੇ ਬੱਚੀਆਂ ਵੱਲੋਂ ਸਮਾਜਿਕ ਬੁਰਾਈਆਂ ਤੇ ਚੋਟ ਕਰਦੀਆਂ ਪੇਸ਼ਕਾਰੀਆਂ ਪੇਸ਼ ਕਰਕੇ ਲੋਕਾਂ ਨੂੰ ਚੰਗੇ ਸਮਾਜ ਦੀ ਸਿਰਜਨਾ ਕਰਨ ਦਾ ਸੁਨੇਹਾ ਦਿੱਤਾ ਗਿਆ ਅਤੇ ਗਿੱਧਾ ਅਤੇ ਭੰਗੜਾ ਪਾਇਆ ਗਿਆ। ਉੱਘੇ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਕਰਮਜੀਤ ਬਿਰਦੀ ਅਤੇ ਗੈਵੀ ਬਿਰਦੀ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਵਿੱਚ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੋਹਣ ਸਿੰਘ ਗੋਗਾ, ਮਧੂ ਵਰਮਾ ਅਤੇ ਕੁਲਵਿੰਦਰ ਕੌਰ ਗੋਗਾ ਨੇ ਕਿਹਾ ਕਿ ਸੰਸਥਾ ਵੱਲੋਂ ਕੁੜੀਆਂ ਅਤੇ ਔਰਤਾਂ ਨੂੰ ਸਮਾਜ ਅੰਦਰ ਬਣਦਾ ਮਾਣ ਤੇ ਸਨਮਾਨ ਦਿਵਾਉਣ ਲਈ ਸਮਾਗਮ ਕਰਵਾਏ ਜਾਂਦੇ ਹਨ। ਇਸ ਮੌਕੇ ਪ੍ਰੇਮ ਸਿੰਘ ਪੀਐਸ, ਭਾਈ ਕੁਲਬੀਰ ਸਿੰਘ, ਰਾਜੂ ਸ਼ਰਮਾ, ਸੁਖਵਿੰਦਰ ਸਿੰਘ ਦਹੇਲਾ ਅਤੇ ਮਨਜੀਤ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।