ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਦਸੰਬਰ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਚੌਕੀਮਾਨ ਟੌਲ ’ਤੇ ਟੌਲ ਰੇਟ ’ਚ ਵਾਧੇ ਖ਼ਿਲਾਫ਼ ਧਰਨਾ ਅੱਜ ਵੀ ਜਾਰੀ ਰਿਹਾ। ਇਸ ਸਮੇਂ ਕਿਸਾਨ ਮੋਰਚੇ ਨੇ ਲੁਧਿਆਣਾ ਕਚਹਿਰੀਆਂ ’ਚ ਹੋਏ ਬੰਬ ਧਮਾਕੇ ਅਤੇ ਬੇਅਦਬੀ ਦੀਆਂ ਘਟਨਾਵਾਂ ਦਾ ਨਿੰਦਾ ਮਤਾ ਪਾਸ ਕੀਤਾ। ਮਤੇ ’ਚ ਫਿਰਕੂ ਫਾਸ਼ੀ ਤਾਕਤਾਂ ਦੇ ਇਸ ਕਾਰੇ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਦਿੱਤੇ ਜਾ ਰਹੇ ਇਸ ਧਰਨੇ ’ਚ ਅੱਜ ਆਗੂਆਂ ਨੇ ਚੋਣਾਂ ਨੇੜੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਮੰਦਭਾਗਾ ਕਰਾਰ ਦਿੱਤਾ। ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਜਸਦੇਵ ਸਿੰਘ ਲਲਤੋਂ, ਮਾ. ਆਤਮਾ ਸਿੰਘ ਬੋਪਾਰਾਏ, ਬੀਬੀ ਕਰਮਜੀਤ ਕੌਰ ਗੁੜੇ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਰਣਜੀਤ ਸਿੰਘ ਗੁੜੇ, ਗੁਰਵਿੰਦਰ ਸਿੰਘ ਸੇਖੋਂ, ਜਸਵੀਰ ਸਿੰਘ ਗੁੜੇ, ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਲੋਕ ਇਨ੍ਹਾਂ ਸਾਜਿਸ਼ਾਂ ਨੂੰ ਸਮਝਣ ਲੱਗੇ ਹਨ। ਪਹਿਲਾਂ ਸਿਆਸੀ ਲਾਹੇ ਲਈ ਅਜਿਹੇ ਕਾਰੇ ਕਰਵਾਏ ਜਾਂਦੇ ਸਨ ਤੇ ਲੋਕ ਵੀ ਜਜ਼ਬਾਤਾਂ ਦੇ ਵਹਿਣ ’ਚ ਵਹਿ ਕੇ ਕਿਸੇ ਇਕ ਧਿਰ ਦੇ ਹੱਕ ’ਚ ਭੁਗਤ ਜਾਂਦੇ ਸਨ। ਹੁਣ ਲੋਕ ਇਨ੍ਹਾਂ ਫਿਰਕੂ ਸਿਆਸੀ ਲੋਕਾਂ ਦੀ ਸੋਚ ਨੂੰ ਪਛਾਣ ਚੁੱਕੇ ਹਨ ਜਿਹੜੇ ਸਿਆਸੀ ਲਾਹੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਦਾ ਰੰਗ ਤੇ ਸੋਚ ਇੱਕੋ ਹੈ। ਇਹ ਫਿਰਕੂ ਤਾਕਤਾਂ ਪੰਜਾਬ ਸਮੇਤ ਦੇਸ਼ ਦੇ ਲੋਕਾਂ ਨੂੰ ਪਾੜਨ, ਵੰਡਣ ਤੇ ਆਪਸ ’ਚ ਲੜਾਉਣ ਮਰਵਾਉਣ ’ਤੇ ਤੁਲੀਆਂ ਹੋਈਆਂ ਹਨ। ਇਨ੍ਹਾਂ ਤਾਕਤਾਂ ਨੂੰ ਕਿਸਾਨ ਅੰਦੋਲਨ ਨਾਲ ਮੁਲਕ ’ਚ ਬਣਿਆ ਆਪਸੀ ਭਾਈਚਾਰਕ ਵਾਤਾਵਰਨ ਕਦਾਚਿਤ ਮਨਜ਼ੂਰ ਨਹੀਂ ਪਰ ਕਿਸਾਨ ਲਹਿਰ ਇਨ੍ਹਾਂ ਦੇ ਮਨੋਰਥ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ। ਇਕ ਹੋਰ ਮਤੇ ਰਾਹੀਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਲੋਕਾਂ ਨੂੰ ਵੀ ਆਪਸੀ ਭਾਈਚਾਰਕ ਏਕਤਾ ਬਣਾਈ ਰੱਖਣ ਅਤੇ ਫਿਰਕੂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਅਪੀਲ ਕੀਤੀ ਗਈ। ਧਰਨੇ ’ਚ ਜਸਵੰਤ ਸਿੰਘ ਮਾਨ, ਦਰਸ਼ਨ ਸਿੰਘ ਸਵੱਦੀ, ਹਰਬੰਸ ਸਿੰਘ ਮਾਨ, ਅਜੀਤ ਸਿੰਘ ਕੁਲਾਰ, ਬਲਦੇਵ ਸਿੰਘ ਪੰਡੋਰੀ, ਗੁਰਮੇਲ ਸਿੰਘ ਢੱਟ, ਸਰਵਿੰਦਰ ਸਿੰਘ ਸੁਧਾਰ ਮੌਜੂਦ ਸਨ।