ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਅਪਰੈਲ
ਅੱਜ ਗੋਲਡਨ ਸਿਟੀ ਰੈਜ਼ੀਡੈਂਟ ਵੈਲਫ਼ੇਅਰ ਸੁਸਾਇਟੀ ਦੇ ਨੁਮਾਇੰਦਿਆਂ ਨੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕਰਦਿਆਂ ਕਲੋਨੀ ਦੀ ਸਥਿਤੀ ਤੋਂ ਜਾਣੂ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬਨਾਰਸੀ ਦਾਸ ਬਾਂਸਲ, ਰੋਹਿਤ ਅਗਰਵਾਲ ਅਤੇ ਰਜਿੰਦਰ ਸੇਠੀ ਨੇ ਦੱਸਿਆ ਕਿ ਰਤਨਹੇੜੀ ਰੋਡ ਤੇ ਸਥਿਤ ਗੋਲਡਨ ਸਿਟੀ ਨੂੰ ਨਵੰਬਰ 2020 ਵਿੱਚ ਨਗਰ ਕੌਂਸਲ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਕਲੋਨਾਈਜ਼ਰ ਵੱਲੋਂ ਜਮ੍ਹਾ ਕਰਵਾਈ ਸਕਿਊਰਿਟੀ ਪੁੱਡਾ ਕੋਲ ਤਬਦੀਲ ਕਰ ਦਿੱਤੀ ਤੇ ਐੱਲਆਈਜੀ ਫਲੈਟਾਂ, ਪਾਰਕਾਂ ਤੇ ਗਲੀਆਂ ਦੀ ਜ਼ਮੀਨ ਦੀ ਰਜਿਸਟਰੀ ਵੀ ਨਗਰ ਕੌਂਸਲ ਦੇ ਨਾਂਅ ’ਤੇ ਕਰਵਾਈ ਗਈ ਸੀ। ਉਸ ਉਪਰੰਤ ਨਗਰ ਕੌਂਸਲ ਨੇ ਕਲੋਨੀ ਵਾਸੀਆਂ ਦੇ ਸੀਵਰੇਜ ਕੁਨੈਕਸ਼ਨ ਦੀ ਫੀਸ ਜਮ੍ਹਾ ਕਰਵਾ ਕੇ ਰੈਗੂਲਰ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਵੀ ਕਲੋਨੀ ਦੇ ਵਸਨੀਕ ਕੋਈ ਸਟਰੀਟ ਲਾਈਟ ਠੀਕ ਕਰਵਾਉਣ ਲਈ ਨਗਰ ਕੌਂਸਲ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਵਾਬ ਮਿਲਦਾ ਸੀ ਕਿ ਹੁਣ ਈਓ ਨੇ ਕਲੋਨੀ ਨੂੰ ਟੇਕਓਵਰ ਕਰਨ ਦਾ ਪੱਤਰ ਜਾਰੀ ਨਹੀਂ ਕੀਤਾ ਹੈ। ਈਓ ਵੱਲੋਂ ਪੱਤਰ ਜਾਰੀ ਨਾ ਹੋਣ ਕਾਰਨ ਕਲੋਨੀ ਅਜੇ ਤੱਕ ਵਿਚਕਾਰ ਹੀ ਲਟਕ ਰਿਹਾ ਹੈ। ਵਿਧਾਇਕ ਸੌਂਦ ਨੇ ਮੈਂਬਰਾਂ ਨੂੰ ਜਲਦ ਸਮੱਸਿਆ ਦੇ ਹੱਲ ਦਾ ਭਰੋਸਾ ਦਿਵਾਇਆ।