ਪੱਤਰ ਪ੍ਰੇਰਕ
ਪਾਇਲ, 27 ਸਤੰਬਰ
ਇੱਥੋਂ ਨੇੜਲੇ ਪਿੰਡ ਬਰਮਾਲੀਪੁਰ ਵਾਸੀ 20 ਸਾਲਾਂ ਤੋਂ ਫੈਕਟਰੀਆਂ ਦੇ ਗੰਦੇ ਪਾਣੀ ਨਾਲ ਜੂਝ ਰਹੇ ਹਨ। ਪਿੰਡ ਵਾਸੀ ਗੁਰਮੀਤ ਸਿੰਘ, ਜਗਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਰਬਾਰਾ ਸਿੰਘ, ਬੂਟਾ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਹਰਬੰਸ ਕੌਰ ਨੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਦੀ ਅਗਵਾਈ ਵਿੱਚ ਮੀਟਿੰਗ ਕੀਤੀ। ਇਸ ਵਿੱਚ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਫੈਕਟਰੀਆਂ ਕਾਰਨ ਪਿੰਡ ਬਰਮਾਲੀਪੁਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦਾ ਪਾਣੀ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਿਆ ਹੈ। ਇਸ ਦੀ ਵਰਤੋਂ ਨਾਲ ਬਿਮਾਰੀਆਂ ਲੱਗ ਰਹੀਆਂ ਹਨ। ਪਿੰਡ ਵਾਸੀਆਂ ਨੇ ਮੋਹਤਬਰਾਂ, ਪ੍ਰਦੂਸ਼ਣ ਬੋਰਡ ਤੇ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਲੋਕਾਂ ਦੇ ਰੌਲਾ ਪਾਉਣ ’ਤੇ ਪਾਣੀ ਦੇ ਨਮੂਨੇ ਲੈ ਕੇ ਬੁੱਤਾ ਸਾਰ ਦਿੱਤਾ ਜਾਂਦਾ ਹੈ ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਪਿੰਡ ਵਾਸੀਆਂ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਹ ਫੈਕਟਰੀ ਸਾਹਮਣੇ ਪੱਕਾ ਧਰਨਾ ਲਗਾ ਕੇ ਬੈਠਣਗੇ। ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸਮੱਸਿਆ ਲਈ ਸੰਘਰਸ਼ ਵਿੱਚ ਹਿੱਸਾ ਬਣਨਾ ਚਾਹੀਦਾ ਹੈ