ਸਮਰਾਲਾ (ਡੀਪੀਐੱਸ ਬੱਤਰਾ) ਬੇਮੌਸਮੀ ਬਰਸਾਤ ਨੇ ਫ਼ਸਲਾਂ ਦੀ ਭਾਰੀ ਤਬਾਹੀ ਕੀਤੀ ਹੈ। ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਨੂੰ ਤਾਂ ਨੁਕਸਾਨ ਪਹੁੰਚਿਆ ਹੀ ਹੈ, ਪਰ ਨਾਲ ਹੀ ਮੰਡੀਆਂ ਵਿੱਚ ਆਈ ਹੋਈ ਫ਼ਸਲ ਵੀ ਮੀਂਹ ਦੀ ਮਾਰ ਹੇਠ ਆ ਗਈ ਹੈ। ਸਮਰਾਲਾ ਦੀ ਅਨਾਜ ਮੰਡੀ ਵਿਚ ਵੀ ਬਿਨਾਂ ਤਰਪਾਲ ਤੋਂ ਖੁੱਲ੍ਹੇ ਅਸਮਾਨ ਥੱਲੇ ਪਈ ਝੋਨੇ ਦੀ ਫਸਲ ਭਿੱਜ ਗਈ ਹੈ। ਮੰਡੀ ਵਿਚ ਮੀਂਹ ਦਾ ਪਾਣੀ ਭਰ ਜਾਣ ’ਤੇ ਖਰੀਦ ਕੀਤੀ ਫ਼ਸਲ ਦੀਆਂ ਬੋਰੀਆਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ਹਾਲਾਂਕਿ ਮੰਡੀ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਫ਼ਸਲ ਬਚਾਉਣ ਲਈ ਇਨ੍ਹਾਂ ਨੂੰ ਤਰਪਾਲਾਂ ਨਾਲ ਢਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਭਾਰੀ ਬਰਸਾਤ ਅੱਗੇ ਸਾਰੇ ਯਤਨ ਬੇਕਾਰ ਸਿੱਧ ਹੋਏ। ਦਾਣਾ ਮੰਡੀ ਦੇ ਪੱਕੇ ਫੜ੍ਹਾਂ ਵਿਚ ਲੋਹੇ ਦੇ ਸ਼ੈੱਡਾਂ ਹੇਠ ਪਈ ਫ਼ਸਲ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ, ਪ੍ਰੰਤੂ ਕੱਚੇ ਫੜ੍ਹਾਂ ਵਿਚ ਪਈ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਿਆ ਹੈ। ਮੰਡੀ ਵਿੱਚ ਪਾਣੀ ਭਰ ਜਾਣ ’ਤੇ ਨੀਵੇਂ ਪਾਸੇ ਪਈਆਂ ਝੋਨੇ ਦੀਆਂ ਬੋਰੀਆਂ ਦੀਆਂ ਢਾਂਗਾ ਹੇਠ ਪਾਣੀ ਵੜ ਜਾਣ ’ਤੇ ਨੁਕਸਾਨ ਦਾ ਖਦਸ਼ਾ ਹੈ। ਵਿਕਣ ਲਈ ਆਈਆਂ ਹੋਈਆਂ ਫ਼ਸਲ ਦੀਆਂ ਕੁਝ ਢੇਰੀਆਂ ਵੀ ਮੀਂਹ ਵਿੱਚ ਭਿੱਜ ਜਾਣ ’ਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ।