ਪੱਤਰ ਪ੍ਰੇਰਕ
ਦੋਰਾਹਾ, 15 ਜੂਨ
ਪਿਛਲੇ ਲੰਬੇ ਸਮੇਂ ਤੋਂ ਦੋਰਾਹਾ ਦੇ ਵੱਖ ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਕਈ ਕਈ-ਕਈ ਫੁੱਟ ਬਾਹਰ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰਾਂ ’ਚ ਅਕਸਰ ਟ੍ਰੈਫ਼ਿਕ ਦੀ ਸਮੱਸਿਆ ਰਹਿੰਦੀ ਹੈ ਤੇ ਵੱਡੇ ਵੱਡੇ ਜਾਮ ਲੱਗਣ ਕਾਰਨ ਕਈ ਹਾਦਸੇ ਵੀ ਵਾਪਰ ਰਹੇ ਹਨ। ਇਸ ਸਬੰਧੀ ਨਗਰ ਕੌਂਸਲ ਵੱਲੋਂ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਲਈ ਕਈ ਵਾਰ ਬੇਨਤੀ ਕੀਤੀ ਗਈ ਤੇ ਮੁਨਾਦੀ ਵੀ ਕਰਵਾਈ ਗਈ ਪ੍ਰਤੂੰ ਮਾਮਲਾ ਜਿਉਂ ਦਾ ਤਿਉਂ ਹੀ ਰਿਹਾ। ਅੱਜ ਅਚਾਨਕ ਪਾਇਲ ਸਬ-ਡਿਵੀਜ਼ਨ ਮੈਜਿਸਟ੍ਰੇਟ ਦੀਪਜੋਤ ਕੌਰ ਦੀ ਅਗਵਾਈ ਹੇਠਾਂ ਨਗਰ ਕੌਂਸਲ ਅਧਿਕਾਰੀਆਂ ਅਤੇ ਸਥਾਨਕ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਅਰੰਭੀ ਗਈ ਅਤੇ ਅਨੇਕਾਂ ਦੁਕਾਨਦਾਰਾਂ ਦਾ ਬਾਹਰ ਰੱਖਿਆ ਸਾਮਾਨ ਕਬਜ਼ੇ ਵਿੱਚ ਲਿਆ ਗਿਆ ਜਿਸ ਕਾਰਨ ਦੁਕਾਨਦਾਰਾਂ ’ਚ ਭਗਦੜ ਮਚ ਗਈ ਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਅੰਦਰ ਰੱਖਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਐੱਸਡੀਐੱਮ ਨੇ ਕਿਹਾ ਕਿ ਇਹ ਕਾਰਵਾਈ ਨਿਰੰਤਰ ਚੱਲੇਗੀ ਅਤੇ ਵਾਰ ਵਾਰ ਸਾਮਾਨ ਦੁਕਾਨਾਂ ਦੇ ਬਾਹਰ ਰੱਖਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਪੱਕੀਆਂ ਰੇਹੜੀਆਂ ਲਵਾ ਕੇ ਰੇਹੜੀ ਵਾਲਿਆਂ ਤੋਂ ਕਿਰਾਇਆ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।