ਗਗਨ ਅਰੋੜਾ/ਜਸਬੀਰ ਸ਼ੇਤਰਾ
ਲੁਧਿਆਣਾ/ਜਗਰਾਉਂ, 26 ਮਈ
ਬੇਟ ਇਲਾਕੇ ਦੇ ਤਿੰਨ ਪਿੰਡਾਂ ਤਲਵੰਡੀ ਨੌਆਬਾਦ, ਵਲੀਪੁਰ ਖੁਰਦ ਤੇ ਵਲੀਪੁਰ ਕਲਾਂ ’ਚ 195 ਏਕੜ ਜ਼ਮੀਨ ਅੱਜ ਕਬਜ਼ਾ ਮੁਕਤ ਕਰਵਾਈ ਗਈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਹ ਕਾਰਵਾਈ ਸਿਰੇ ਚੜ੍ਹਾਉਣ ਲਈ ਖੁਦ ਪਹੁੰਚੇ ਹੋਏ ਸਨ। ਉਨ੍ਹਾਂ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਾਬਜ਼ਕਾਰਾਂ ਨੂੰ ਸਵੈ-ਇੱਛਾ ਨਾਲ ਜ਼ਮੀਨਾਂ ਛੱਡਣ ਦੀ ਮੁੜ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਨਾਜਾਇਜ਼ ਕਬਜ਼ਾਧਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ।
ਕੈਬਨਿਟ ਮੰਤਰੀ ਨੇ ਸਿੱਧਵਾਂ ਬੇਟ ਇਲਾਕੇ ’ਚ ਪੈਂਦੇ ਉਕਤ ਤਿੰਨਾਂ ਪਿੰਡਾਂ ਦੀ 195 ਏਕੜ 7 ਕਨਾਲ 3 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਵਾਲੀ ਜ਼ਮੀਨ ਪਾ ਕੇ ਲੁਧਿਆਣਾ ਜ਼ਿਲ੍ਹੇ ’ਚ ਹੁਣ ਤੱਕ ਕੁੱਲ 424 ਏਕੜ ਸਰਕਾਰੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਹਰਦੀਪ ਸਿੰਘ ਮੁੰਡੀਆਂ, ਅਮਨਦੀਪ ਸਿੰਘ ਮੋਹੀ, ਡਾ. ਕੇਐੱਨਐਸ ਕੰਗ, ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸੰਜੀਵ ਕੁਮਾਰ, ਪ੍ਰੋ. ਸੁਖਵਿੰਦਰ ਸੁੱਖੀ, ਕਰਮ ਸਿੰਘ ਸਿੱਧੂ ਆਦਿ ਮੌਜੂਦ ਸਨ। ਕੈਬਨਿਟ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਭਰ ’ਚ ਹੁਣ ਤੱਕ ਕਰੀਬ 2750 ਏਕੜ ਜ਼ਮੀਨ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਇਸ ਮਹੀਨੇ ਦੇ ਅਖ਼ੀਰ ਤੱਕ ਕਰੀਬ 3000 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਜੋ ਜ਼ਮੀਨਾਂ ਕਬਜ਼ੇ ’ਚ ਲਈਆਂ ਗਈਆਂ ਹਨ ਉਨ੍ਹਾਂ ’ਚ ਪਿੰਡ ਤਲਵੰਡੀ ਨੌਆਬਾਦ ਵਿਖੇ 86 ਏਕੜ 7 ਕਨਾਲ 15 ਮਰਲੇ, ਵਲੀਪੁਰ ਖੁਰਦ ਵਿਖੇ 65 ਏਕੜ 5 ਕਨਾਲ 5 ਮਰਲੇ ਅਤੇ ਵਲੀਪੁਰ ਕਲਾਂ ਵਿਖੇ 43 ਏਕੜ 2 ਕਨਾਲ 3 ਮਰਲੇ ਜ਼ਮੀਨ ਸ਼ਾਮਲ ਹੈ। ਪਿਛਲੀਆਂ ਦੋਵੇਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਕੋਈ ਠੋਸ ਕਦਮ ਨਾ ਚੁੱਕੇ ਜਾਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਰਸੂਖ਼ਦਾਰਾਂ ਤੋਂ ਵੀ ਨਾਜਾਇਜ਼ ਕਬਜ਼ੇ ਛੁਡਾਉਣ ’ਚ ਕੋਈ ਢਿੱਲ ਨਹੀਂ ਵਰਤੇਗੀ।