ਪੱਤਰ ਪ੍ਰੇਰਕ
ਸਮਰਾਲਾ, 27 ਦਸੰਬਰ
ਇਥੇ ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਨਾਵਲਕਾਰ ਤੇ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਉਪਰੰਤ ਰਚਨਾਵਾਂ ਦੇ ਦੌਰ ’ਚ ਅਵਤਾਰ ਸਿੰਘ ਉਟਾਲਾਂ ਵੱਲੋਂ ਦੋ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਕਵਿਤਾ ਪੇਸ਼ ਕੀਤੀ। ਦੀਪ ਦਿਲਬਰ ਨੇ ਗ਼ਜ਼ਲ ਤੇ ਕਹਾਣੀਕਾਰ ਸੰਦੀਪ ਸਮਰਾਲਾ ਨੇ ਕਰੋਨਾ ਕਾਲ ਨਾਲ ਸਬੰਧਿਤ ਕਹਾਣੀ ‘ਸ਼ੁਕਰ ਆ ਸੁਪਨਾ ਹੀ ਸੀ’ ਪੇਸ਼ ਕੀਤੀ, ਜਿਸ ’ਤੇ ਭਰਪੂਰ ਚਰਚਾ ਕੀਤੀ ਗਈ। ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਵੱਲੋਂ ਅੰਗਰੇਜ਼ੀ ਕਵਿਤਾ ਤਰਨੁਮ ’ਚ ਪੇਸ਼ ਕੀਤੀ। ਇਨ੍ਹਾਂ ਰਚਨਾਵਾਂ ਬਾਰੇ ਨਰਿੰਦਰ ਸ਼ਰਮਾ, ਗੁਰਭਗਤ ਸਿੰਘ, ਕਹਾਣੀਕਾਰ ਗੁਰਮੀਤ ਆਰਿਫ਼, ਕਹਾਣੀਕਾਰ ਤਰਨ ਬੱਲ, ਕਹਾਣੀਕਾਰ ਅਮਨਦੀਪ ਕੌਸ਼ਲ ਵੱਲੋਂ ਉਸਾਰੂ ਟਿੱਪਣੀਆਂ ਪੇਸ਼ ਕੀਤੀਆਂ। ਇਸ ਉਪਰੰਤ ਸਭਾ ਦੇ ਮੀਤ ਪ੍ਰਧਾਨ ਦੀਪ ਦਿਲਬਰ ਵੱਲੋਂ ਸੰਪਾਦਿਤ ਡਾ. ਗੁਰਨਾਮ ਕੌਰ ਦੀਆਂ ਤਿੰਨ ਪੁਸਤਕਾਂ ‘ਆਪਣੀ ਮਿੱਟੀ ’ਚੋਂ ਉਗਦਿਆਂ, ਬੀਤੇ ਪਲਾਂ ਦੀ ਦਾਸਤਾਨ, ਜਬ ਲਗੁ ਦੁਨੀਆ ਰਹੀਐ ਨਾਨਕ’ ਸਭਾ ਵੱਲੋਂ ਰਿਲੀਜ਼ ਕੀਤੀਆਂ ਗਈਆਂ ਤੇ ਸਭਾ ਨੂੰ ਭੇਟ ਕੀਤੀਆਂ।
ਸਾਹਿਤ ਸਭਾ ਭੈਣੀ ਸਾਹਿਬ ਦੀ ਮੀਟਿੰਗ
ਮਾਛੀਵਾੜਾ (ਪੱਤਰ ਪ੍ਰੇਰਕ): ਇਥੇ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਾਸਿਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਭੈਣੀ ਸਾਹਿਬ ਵਿੱਚ ਹੋਈ। ਸ਼ੁਰੂਆਤੀ ਦੌਰ ਵਿੱਚ ਜਸਵੀਰ ਝੱਜ ਪ੍ਰਧਾਨ ਰਾਮਪੁਰ ਸਾਹਿਤ ਸਭਾ ਦੇ ਪਿਤਾ ਕੈਪਟਨ ਸੁਖਦੇਵ ਸਿੰਘ ਝੱਜ ਦੇ ਸਦੀਵੀ ਵਿਛੋੜੇ ਅਤੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੀ ਪਤਨੀ ਦੇ ਅਕਾਲ ਚਲਾਣੇ ’ਤੇ ਸ਼ੋਕ ਪ੍ਰਗਟ ਕੀਤਾ ਗਿਆ। ਇਸ ਉਪਰੰਤ ਹਾਜ਼ਰ ਸ਼ਾਇਰਾਂ ਨੇ ਰਚਨਾਵਾਂ ਪੇਸ਼ ਕੀਤੀਆਂ।