ਪੱਤਰ ਪ੍ਰੇਰਕ
ਮਾਛੀਵਾੜਾ, 19 ਜੁਲਾਈ
ਇੱਥੇ 12 ਲੇਖਕਾਂ ਦੀ ਸਾਂਝੀ ਵਾਰਤਕ ਕਿਤਾਬ ‘ਸਮੇਂ ਦੀ ਤਫਤੀਸ਼’ ਅੱਜ ਲੋਕ ਰਿਲੀਜ਼ ਕੀਤੀ ਗਈ। ਇਸ ਸਬੰਧੀ ਸਾਦਾ ਸਮਾਰੋਹ ਮਾਸਟਰ ਮਾਈਂਡ ਡਿਜੀਟਲ ਐਜੂਕੇਸ਼ਨ ਮਾਛੀਵਾੜਾ ਵਿੱਚ ਹੋਇਆ। ਲੇਖਕ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਤਾਬ ਨੂੰ ਮਾਸਟਰ ਮਾਈਂਡ ਡਿਜੀਟਲ ਐਜੂਕੇਸ਼ਨ ਮਾਛੀਵਾੜਾ ਦੇ ਸਮੂਹ ਸਟਾਫ਼ ਵੱਲੋਂ ਰਿਲੀਜ਼ ਕੀਤਾ। ਉਨ੍ਹਾਂ ਦੱਸਿਆ ਕਿ ਕਿਤਾਬ ਵਿਚ 12 ਲੇਖਕਾਂ ਵੱਲੋਂ 45 ਵੱਖ-ਵੱਖ ਵਿਸ਼ਿਆਂ ਦੇ ਲੇਖ ਲਿਖੇ ਗਏ ਹਨ, ਜੋ ਪਾਠਕਾਂ ਅਤੇ ਖਾਸਕਰ ਨੌਜਵਾਨਾਂ ਲਈ ਸੇਧਵਰਧਕ ਸਾਬਤ ਹੋਣਗੇ। ਇਸ ਕਿਤਾਬ ਦੀ ਸੰਪਾਦਨਾ ਪੀਐੱਚ.ਡੀ. ਸਕਾਲਰ ਅਤੇ ਕਵਿੱਤਰੀ ਕਿਰਨ ਪਾਹਵਾ ਵੱਲੋਂ ਕੀਤੀ ਗਈ ਹੈ, ਜਦਕਿ ਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਕਿਤਾਬ ਨੂੰ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਗਈ ਹੈ। ਇਸ ਕਿਤਾਬ ’ਚ ਕਿਰਨ ਪਾਹਵਾ ਤੋਂ ਇਲਾਵਾ ਅਮਨਦੀਪ ਕੋਰ ਸੋਨਾ, ਅੰਮ੍ਰਿਤਪਾਲ ਸਮਰਾਲਾ, ਸਰਨਜੀਤ ਕੌਰ ਅਨਹਦ, ਸੁਖਪਿੰਦਰ ਕੌਰ ਬਰਨਾਲਾ, ਹਰਿੰਦਰ ਕੌਰ ਸ਼ੇਖ਼ਪੁਰਾ, ਹਰਕੀਰਤ ਕੌਰ, ਨਰਵਿੰਦਰ ਕੌਰ ਔਜਲਾ, ਪ੍ਰਭਜੋਤ ਪ੍ਰਭ ਹੁਸ਼ਿਆਰਪੁਰ, ਬੇਅੰਤ ਕੌਰ, ਵਿਜੇਤਾ ਭਾਰਦਵਾਜ ਅਤੇ ਵੀਨਾ ਬਟਾਲਵੀ ਦੇ ਲੇਖ ਸ਼ਾਮਲ ਕੀਤੇ ਗਏ ਹਨ।
ਨਾਨਕ ਸਿੰਘ ਨਾਵਲਿਸਟ ਨੂੰ ਸਮਰਪਿਤ ਇਕੱਤਰਤਾ
ਸਮਰਾਲਾ (ਪੱਤਰ ਪ੍ਰੇਰਕ): ਇੱਥੇ ਲੇਖਕ ਮੰਚ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਪੰਜਾਬੀ ਨਾਵਲਕਾਰੀ ਦੇ ਪਿਤਾਮਾ ਨਾਨਕ ਸਿੰਘ ਦੀ 125ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ। ਲੇਖਕ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਸਮਰਾਲਾ ਨੇ ਨਾਵਲਕਾਰ ਨਾਨਕ ਸਿੰਘ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਿੰ: (ਡਾ.) ਪਰਮਿੰਦਰ ਸਿੰਘ ਬੈਨੀਪਾਲ ਵੱਲੋਂ ਨਾਨਕ ਸਿੰਘ ਦੇ ਜੀਵਨ ਤੇ ਸਮੁੱਚੀਆਂ ਰਚਨਾਵਾਂ ਬਾਰੇ ਵਿਸਥਾਰਤ ਪੇਪਰ ਪੜ੍ਹਿਆ ਗਿਆ। ਸਾਹਿਤਕਾਰ ਹਰਨਾਮ ਸਿੰਘ ਡੱਲਾ ਤੇ ਇਕਬਾਲ ਸਿੰਘ ਸੈਣੀ ਨੇ ਭਾਵਪੂਰਤ ਚਰਚਾ ਕਰਕੇ ਬਾਤ ਅੱਗੇ ਤੋਰੀ। ਸਾਹਿਤਕ ਰਚਨਾਵਾਂ ਦੇ ਦੌਰ ਵਿੱਚ ਆਪਣੀ ਗ਼ਜ਼ਲ ‘ਰਾਹਾਂ ਦੇ ਪੱਥਰ ਵੀ ਚੁਗਣੇ ਹੁੰਦੇ ਕੋਈ ਆਸਾਨ ਨਹੀਂ…’ ਰਾਹੀਂ ਆਗਾਜ਼ ਕੀਤਾ। ਇਸ ਉਪਰੰਤ ਕਰਮਜੀਤ ਬਾਸੀ ਨੇ ਆਪਣੀ ਰਚਨਾ ‘ਕਵਿਤਾ ਲਿਖਣ ਗਾਉਣ, ਸਮਝਾਉਣ ਤੋਂ ਡਰਦਾ ਕਿਉਂ ਐਂ? ਬੜ੍ਹਕ ਮਾਰਕੇ ਫਿਰ ਅੰਦਰੇ ਵੀ ਕੁੰਡੀ ਲਾਕੇ ਦੜ੍ਹਦਾ ਕਿਉਂ ਐਂ?’ ਪੜ੍ਹੀ। ਬਲਵੰਤ ਮਾਂਗਟ ਨੇ ‘ਕਿਉਂ ਜ਼ਹਿਰੀ ਹੋ ਗਏ ਗੀਤ?’ ਰਾਹੀਂ ਸੱਭਿਆਚਾਰਕ ਪ੍ਰਦੂਸ਼ਣ ’ਤੇ ਚਿੰਤਾ ਜ਼ਾਹਰ ਕੀਤੀ। ਗੀਤਕਾਰ ਹਰਬੰਸ ਮਾਲਵਾ ਨੇ ਆਪਣਾ ਨਵਾਂ ਗੀਤ ‘ਸ਼ਬਦ ਹਮੇਸ਼ਾ ਰਹਿਣ ਜਾਗਦੇ, ਸ਼ਬਦ ਕਦੇ ਨਾ ਸੁੱਤੇ’ ਰਾਹੀਂ ਆਪਣੀ ਕਾਵਿਕ ਸਮਰੱਥਾ ਦਾ ਲੋਹਾ ਮਨਵਾਇਆ। ਅੰਤ ਵਿੱਚ ਮਹਿਮਾਨ ਸਾਹਿਤਕਾਰ ਇਕਬਾਲ ਸਿੰਘ ਸੈਣੀ ਦੀ ਨਵ ਪ੍ਰਕਾਸ਼ਿਤ ਪੁਸਤਕ ‘ਦੁੱਖਾਂ ਭਰੀ ਕਿਤਾਬ’ ਬਾਰੇ ਡਾ. ਬੈਨੀਪਾਲ ਨੇ ਜਾਣਕਾਰੀ ਸਾਂਝੀ ਕੀਤੀ ਤੇ ਹਾਜ਼ਰ ਸਾਹਿਤਕਾਰਾਂ ਨੇ ਇਹ ਕਾਵਿ ਪੁਸਤਕ ਰਿਲੀਜ਼ ਕੀਤੀ।