ਦੇਵਿੰਦਰ ਸਿੰਘ ਜੱਗੀ
ਪਾਇਲ, 2 ਅਕਤੂਬਰ
ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਰੋਸ ਵਿੱਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਕਾਂਗਰਸੀ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਘੁਡਾਣੀ ਕਲਾਂ ਤੋਂ ਰਾੜਾ ਸਾਹਿਬ ਤੱਕ ਬਲਦ ਰੇਹੜੀ ’ਤੇ ਸਵਾਰ ਹੋ ਕੇ ਰੋਸ ਮਾਰਚ ਕੀਤਾ ਗਿਆ ਅਤੇ ਰਾੜਾ ਸਾਹਿਬ ਚੌਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਕਾਂਗਰਸੀ ਕਾਰਕੁਨਾਂ ਵੱਲੋਂ ਮੋਦੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਹਲਕਾ ਵਿਧਾਇਕ ਸ੍ਰੀ ਲੱਖਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਮਾਰੂ ਨੀਤੀਆਂ ਅਪਣਾ ਰਹੀ ਹੈ, ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਰੋਜ਼ਾਨਾ ਰੋਸ ਧਰਨੇ ਦਿੱਤੇ ਜਾ ਰਹੇ ਹਨ। ਵਿਧਾਇਕ ਲੱਖਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਬਚਾਉਣ ਖਾਤਰ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਿਹਾ ਹੈ। ਧਰਨੇ ਵਿੱਚ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਰਾਜਵਿੰਦਰ ਸਿੰਘ ਬੇਗੋਵਾਲ, ਪ੍ਰਧਾਨ ਗੁਰਵਿੰਦਰ ਸਿੰਘ ਘਲੋਟੀ, ਉੱਪ ਚੇਅਰਮੈਨ ਗੁਰਦੀਪ ਸਿੰਘ ਆਦਿ ਮੌਜੂਦ ਸਨ।
ਰਾਹੁਲ ਗਾਂਧੀ ਦੀ ਜੱਟਪੁਰਾ ’ਚ ਰੈਲੀ ਭਲਕੇ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬਦਲੇ ਹੋਏ ਪ੍ਰੋਗਰਾਮ ਤਹਿਤ ਆਪਣੇ ਤਿੰਨ ਰੋਜ਼ਾ ਪੰਜਾਬ ਦੌਰੇ ਦੀ ਸ਼ੁਰੂਆਤ ਚਾਰ ਅਕਤੂਬਰ ਨੂੰ ਕਰਨ ਜਾ ਰਹੇ ਹਨ। ਉਹ 4 ਅਕਤੂਬਰ ਨੂੰ ਬਾਅਦ ਦੁਪਹਿਰ ਨੇੜਲੇ ਪਿੰਡ ਜੱਟਪੁਰਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਪਿੰਡ ਜੱਟਪੁਰਾ ਦੀ ਅਨਾਜ ਮੰਡੀ ਵਿੱਚ ਹੋਣ ਵਾਲੀ ਇਸ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਡੀਜੀਪੀ ਦਿਨਕਰ ਗੁਪਤਾ, ਆਈਜੀ ਨੌਨਿਹਾਲ ਸਿੰਘ ਅਤੇ ਐੱਸਐੱਸਪੀ ਲੁਧਿਆਣਾ (ਦਿਹਾਤੀ) ਚਰਨਜੀਤ ਸਿੰਘ ਪਹੁੰਚੇ।