ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਮਈ
ਲੁਧਿਆਣਾ ਦੀ ਨਵੀਂ ਸਬਜ਼ੀ ਮੰਡੀ ਵਿੱਚ ਚੱਲ ਰਹੇ ਰੇਹੜੀ ਫੜ੍ਹੀ ਮਾਫੀਏ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਜਨਰਲ ਸਕੱਤਰ ਰਣਧੀਰ ਸਿੰਘ ਸਿਵੀਆ ਅਤੇ ਉਨ੍ਹਾਂ ਦੀ ਟੀਮ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਮਾਫ਼ੀਆ ’ਤੇ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਜਲਦ ਹੀ ਲੋਕ ਇਨਸਾਫ਼ ਪਾਰਟੀ ਧਰਨਾ ਦੇਵੇਗੀ। ਇਸ ਸਬੰਧੀ ਸੀਵੀਆ ਨੇ ਦੱਸਿਆ ਕਿ ਲੁਧਿਆਣਾ ਨਵੀਂ ਸਬਜ਼ੀ ਮੰਡੀ ਵਿਚ ਕਰੋਨਾ ਦੀ ਆੜ ’ਚ ਵੱਡਾ ਮਾਫੀਆ ਚੱਲ ਰਿਹਾ ਸੀ, ਜਿਸ ਦਾ ਖੁਲਾਸਾ ਕਰਨ ਲਈ ਲੋਕ ਇਨਸਾਫ ਪਾਰਟੀ ਦੀ ਟੀਮ ਵੱਲੋਂ ਮੰਡੀ ਵਿਚ ਲਾਈਵ ਰੇਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਤਕਰੀਬਨ 2500 ਰੇਹੜੀ ਫੜ੍ਹੀਆਂ ਵਾਲੇ ਹਨ, ਜੋ ਸਰਕਾਰ ਨੂੰ ਟੈਕਸ ਦੇ ਰਹੇ ਹਨ ਪਰ ਪਿਛਲੇ ਇਕ ਮਹੀਨੇ ਤੋਂ ਕਰੋਨਾ ਦਾ ਨਾਮ ਲੈ ਕੇ ਉਨ੍ਹਾਂ ਨੂੰ ਰੇਹੜੀਆਂ ਨਹੀਂ ਲਗਾਉਣ ਦਿੱਤੀਆਂ ਜਾ ਰਹੀਆਂ। ਦੂਜੇ ਪਾਸੇ ਸਬਜ਼ੀ ਮੰਡੀ ਅੰਦਰ ਨਾਜਾਇਜ਼ ਰੇਹੜੀਆਂ ਲਗਵਾ ਕੇ ਰੋਜ਼ਾਨਾ ਕਰੀਬ ਪੰਜ ਲੱਖ ਰੁਪਏ ਦੀ ਵਸੂਲੀ ਕੀਤੀ ਜਾਦੀ ਹੈ। ਇਸ ਵਸੂਲੀ ਕੀਤੇ ਪੈਸੇ ਨਾਲ ਸੱਤਾਧਾਰੀ ਲੋਕ ਅਤੇ ਮੌਕੇ ਦੇ ਅਫਸਰ ਆਪਣੀਆਂ ਜੇਬਾਂ ਭਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਪੈਸੇ ਇਕੱਠੇ ਕਰ ਰਹੇ ਵਿਅਕਤੀਆਂ ਨੂੰ ਆਪਣਾ ਕੋਈ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਕੋਲ ਕੋਈ ਵੀ ਅਜਿਹਾ ਕਾਰਡ ਨਹੀਂ ਸੀ ਅਤੇ ਉਹ ਮੌਕੇ ਤੋਂ ਭੱਜਦੇ ਨਜ਼ਰ ਆਏ।