ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਜਨਵਰੀ
ਆਮ ਆਦਮੀ ਪਾਰਟੀ ਵਲੋਂ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਛੱਡ ਕੇ ਆਏ ਹਰਦੀਪ ਸਿੰਘ ਮੁੰਡੀਆਂ ਨੂੰ ਟਿਕਟ ਦੇਣ ’ਤੇ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਪਾਰਟੀ ਦੇ ਹੀ ਆਗੂ ਪਰਦੀਪ ਸਿੰਘ ਖਾਲਸਾ ਨੇ ਅੱਜ ਆਪਣੇ ਸਮਰਥਕਾਂ ਦਾ ਇਕੱਠ ਕਰ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਕਿ ਟਿਕਟ ਵਾਪਸ ਲੈ ਕੇ ਕਿਸੇ ਇਮਾਨਦਾਰ ਵਿਅਕਤੀ ਨੂੰ ਦਿੱਤੀ ਜਾਵੇ। ਹਲਕਾ ਸਾਹਨੇਵਾਲ ਦੇ ਪਿੰਡ ਗੜ੍ਹੀ ਫਾਜ਼ਲ ਵਿਖੇ ਪਰਦੀਪ ਸਿੰਘ ਖਾਲਸਾ ਨੇ ‘ਆਪ’ ਸਮਰਥਕਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਸੋਚ ਅਨੁਸਾਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣੀ ਹੈ। ਉਹ ਉਸ ਉੱਪਰ ਪਹਿਰਾ ਦਿੰਦੇ ਹੋਏ ਹਲਕੇ ਵਿਚ ਪ੍ਰਚਾਰ ਕਰ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪਾਰਟੀ ਨੇ ਕਾਂਗਰਸ ਪਾਰਟੀ ਛੱਡ ਕੇ ਕੁਝ ਮਹੀਨੇ ਪਹਿਲਾਂ ਹੀ ‘ਆਪ’ ਵਿਚ ਸ਼ਾਮਲ ਹੋਣ ਵਾਲੇ ਹਰਦੀਪ ਸਿੰਘ ਮੁੰਡੀਆਂ ਨੂੰ ਟਿਕਟ ਦੇਣਾ ਬਹੁਤ ਗਲਤ ਫੈਸਲਾ ਹੈ। ਉਨ੍ਹਾਂ ਰੇਤਾ ਤੇ ਹੋਰ ਮਾਮਲਿਆਂ ਵਿਚ ਭ੍ਰਿਸ਼ਟਾਚਾਰ ਨਾਲ ਲਿਪਤ ਹੋਣ ਦੇ ਦੋਸ਼ ਵੀ ਲਾਏ। ਖਾਲਸਾ ਨੇ ਕਿਹਾਕਿ ਉਹ ਬੇਸ਼ੱਕ ਟਿਕਟ ਦੇ ਦਾਅਵੇਦਾਰ ਹਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਚਾਹੀਦੀ ਬਲਕਿ ਹਲਕਾ ਸਾਹਨੇਵਾਲ ਤੋਂ ਇੱਕ ਇਮਾਨਦਾਰ ਅਤੇ ਪਾਰਟੀ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਵਰਕਰ ਨੂੰ ਟਿਕਟ ਦੇ ਦਿੱਤੀ ਜਾਵੇ ਤਾਂ ਉਹ ਡੱਟ ਕੇ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਕੰਮ ਕਰਨਗੇ। ‘ਆਪ’ ਆਗੂ ਨੇ ਸਪਸ਼ਟ ਕੀਤਾ ਕਿ ਉਹ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਸੋਚ ’ਤੇ ਅੱਜ ਵੀ ਖੜ੍ਹੇ ਹਨ।
ਪਾਰਟੀ ਨੇ ਕੰਮਾਂ ਨੂੰ ਦੇਖਦਿਆਂ ਟਿਕਟ ਦੇ ਕੇ ਨਿਵਾਜਿਆ
ਆਮ ਆਦਮੀ ਪਾਰਟੀ ਦੇ ਹਲਕਾ ਸਾਹਨੇਵਾਲ ਤੋਂ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਪਾਰਟੀ ਪ੍ਰਤੀ ਕੰਮਾਂ ਨੂੰ ਦੇਖਦਿਆਂ ਟਿਕਟ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀਆਂ ਲੋਕ ਹਿੱਤਾਂ ਲਈ ਦਿੱਤੀਆਂ ਤਿੰਨ ਗਾਰੰਟੀਆਂ ਪ੍ਰਤੀ ਕੀਤੀ ਕਾਰਗੁਜ਼ਾਰੀ ’ਚ ਉਹ ਸੂਬੇ ’ਚੋਂ ਤੀਜੇ ਨੰਬਰ ਉੱਪਰ ਆਏ ਜਿਸ ਕਾਰਨ ਉਨ੍ਹਾਂ ਨੂੰ ਟਿਕਟ ਮਿਲੀ। ਉਨ੍ਹਾਂ ਆਪਣੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈਕਮਾਂਡ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਹਲਕਾ ਸਾਹਨੇਵਾਲ ਵਿਚ ਸੇਵਾ ਬਖ਼ਸ਼ੀ ਹੈ ਅਤੇ ਸਾਰੇ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।