ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਜਨਵਰੀ
ਇੱਥੇ 2017 ਵਿੱਚ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਰਾਖਵਾਂ ਹਲਕਾ ਜਗਰਾਉਂ ਤੋਂ ਕਾਂਗਰਸ ਪਾਰਟੀ ਵੱਲੋਂ ਦਿੱਤੀ ਟਿਕਟ ਖ਼ਿਲਾਫ਼ ਬਗ਼ਾਵਤ ਉੱਠ ਖੜ੍ਹੀ ਹੋਈ ਹੈ। ਕਾਂਗਰਸੀ ਟਿਕਟ ਦੇ ਦੋ ਦਾਅਵੇਦਾਰਾਂ ਨੇ ਅੱਜ ਸਥਾਨਕ ਰਾਣੀ ਝਾਂਸੀ ਚੌਕ ’ਚ ਇਕੱਤਰਤਾ ਕਰਕੇ ਰੋਸ ਵਜੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕਿਆ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਖ਼ਿਲਾਫ਼ ਵੀ ਭੜਾਸ ਕੱਢੀ ਗਈ। ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ, ਜਿਨ੍ਹਾਂ ਨੂੰ ਪਿੱਛੇ ਜਿਹੇ ਸਰਕਾਰ ਨੇ ਕੈਬਨਿਟ ਰੈਂਕ ਦਿੱਤਾ ਸੀ, ਨੇ ਕਿਹਾ ਕਿ ਕਾਂਗਰਸ ਨੇ 2017 ਵਿੱਚ ਉਨ੍ਹਾਂ ਨੂੰ ਟਿਕਟ ਦੇ ਕੇ ਕੱਟ ਦਿੱਤੀ ਸੀ। ਉਹ ਪੰਜ ਸਾਲ ਤੋਂ ਹਲਕੇ ’ਚ ਸਰਗਰਮ ਸਨ ਤੇ ਉਨ੍ਹਾਂ ਨੂੰ ਭਰੋਸਾ ਦੇਣ ਦੇ ਬਾਵਜੂਦ ਐਤਕੀਂ ਟਿਕਟ ਨਹੀਂ ਮਿਲੀ। ਉਨ੍ਹਾਂ ਵਾਲਮੀਕਿ ਸਮਾਜ ਵੱਲੋਂ ਕਾਂਗਰਸ ਦੇ ਬਾਈਕਾਟ ਦੀ ਚਿਤਾਵਨੀ ਵੀ ਦਿੱਤੀ। ਦੂਜੇ ਦਾਅਵੇਦਾਰ ਕੋਆਰਡੀਨੇਟਰ ਅਵਤਾਰ ਸਿੰਘ ਚੀਮਨਾ ਨੇ ਵੀ ਪਿਛਲੀ ਵਾਰ ਤੇ ਐਤਕੀਂ ਵੀ ਟਿਕਟ ਦੇਣ ’ਚ ਅਣਗੌਲਿਆਂ ਕਰਨ ਦਾ ਰੋਣਾ ਰੋਇਆ। ਉਨ੍ਹਾਂ ਤਾਂ ਆਜ਼ਾਦ ਤੌਰ ’ਤੇ ਚੋਣ ਮੈਦਾਨ ’ਚ ਨਿੱਤਰਨ ਦਾ ਐਲਾਨ ਵੀ ਕਰ ਦਿੱਤਾ।
ਦੂਜੇ ਪਾਸੇ ਸਾਬਕਾ ਮੰਤਰੀ ਤੇ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜੋ ਪੰਜ ਸਾਲ ਤੋਂ ਬਤੌਰ ਹਲਕਾ ਇੰਚਾਰਜ ਜਗਰਾਉਂ ’ਚ ਸਰਗਰਮ ਸਨ, ਨੇ ਵੀ ਮੁੱਖ ਮੰਤਰੀ ਚੰਨੀ ’ਤੇ ਆਪਣਾ ਨਜ਼ਲਾ ਝਾੜਿਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਨੂੰ ਆਖਰੀ ਸਮੇਂ ’ਤੇ ਜਗਰਾਉਂ ਤੋਂ ਟਿਕਟ ਮਿਲੀ ਤੇ ਹਾਰਨ ਦੇ ਬਾਵਜੂਦ ਉਨ੍ਹਾਂ ਹਲਕੇ ’ਚ ਪਾਰਟੀ ਦੀ ਮਜ਼ਬੂਤੀ ਲਈ ਪੰਜ ਸਾਲ ਕੰਮ ਕੀਤਾ। ਪਾਰਟੀ ਕਿਸੇ ਵੀ ਲੋਕਲ ਦਾਅਵੇਦਾਰ ਨੂੰ ਟਿਕਟ ਦੇ ਦਿੰਦੀ ਪਰ ਸੱਠ ਦਿਨ ਪਹਿਲਾਂ ਦਲ-ਬਦਲੀ ਕਰਕੇ ਕਾਂਗਰਸ ’ਚ ਆਏ ਆਗੂ ਨੂੰ ਟਿਕਟ ਦੇਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ 31 ਜਨਵਰੀ ਤੋਂ ਪਹਿਲਾਂ ਹਾਈ ਕਮਾਂਡ ਟਿਕਟ ਬਦਲਣ ਬਾਰੇ ਵਿਚਾਰ ਕਰੇ ਨਹੀਂ ਅਗਲੀ ਰਣਨੀਤੀ ਘੜੀ ਜਾਵੇਗੀ। ਦਾਖਾ ਦੇ ਇਕੱਠ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਦੂਜੇ ਦਾਅਵੇਦਾਰ ਗੇਜਾ ਰਾਮ ਤੇ ਅਵਤਾਰ ਚੀਮਨਾ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ। ਇਕ ਹੋਰ ਦਾਅਵੇਦਾਰ ਰਾਜੇਸ਼ਇੰਦਰ ਸਿੱਧੂ ਪਹਿਲਾਂ ਹੀ ਪਹੁੰਚੇ ਹੋਏ ਸਨ। ਇਸ ਤਰ੍ਹਾਂ ਟਿਕਟ ਦੇ ਇਹ ਸਾਰੇ ਦਾਅਵੇਦਾਰ ਇਕ ਮੰਚ ’ਤੇ ਆ ਗਏ। ਇਕੱਠ ਨੂੰ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਸਭਰਵਾਲ, ਸਾਬਕਾ ਪ੍ਰਧਾਨ ਗੋਪਾਲ ਸ਼ਰਮਾ, ਭਜਨ ਸਵੱਦੀ, ਪ੍ਰਾਸ਼ਰ ਦੇਵ ਸ਼ਰਮਾ, ਮਨਜੀਤ ਸਿੰਘ ਹੰਬੜਾਂ, ਜਗਦੀਸ਼ਰ ਸਿੰਘ ਡਾਂਗੀਆਂ, ਕੌਂਸਲਰ ਮੇਸ਼ੀ ਸਹੋਤਾ ਨੇ ਸੰਬੋਧਨ ਕਰਦਿਆਂ ਪਾਰਟੀ ਨੂੰ ਟਿਕਟ ’ਤੇ ਮੁੜ ਵਿਚਾਰ ਕਰਨ ਲਈ ਕਿਹਾ। ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਮਨੀ ਗਰਗ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਹਰਪਾਲ ਸਿੰਘ ਹਾਂਸ, ਸਵਰਨ ਸਿੰਘ ਤਿਹਾੜਾ, ਮਨਜਿੰਦਰ ਸਿੰਘ ਡੱਲਾ ਮੌਜੂਦ ਸਨ।