ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਆਗੂਆਂ ਨੇ ‘ਆਪ’ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਗਾਏ ਕਿ ਸਰਕਾਰ ਨੂੰ ਬਣੇ ਪੰਜ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਚੋਣਾਂ ਦੌਰਾਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ, ਉਸ ਬਾਰੇ ਸਰਕਾਰ ਕੁੱਝ ਸੋਚ ਵੀ ਨਹੀਂ ਰਹੀ।
ਯੂਨੀਅਨ ਦੇ ਮੈਂਬਰ ਦਲਜੀਤ ਸਿੰਘ, ਜਸਵੰਤ ਸਿੰਘ, ਸੰਦੀਪ ਨੇ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਜਦੋਂ ਕੱਚੇ ਅਧਿਆਪਕ ਧਰਨੇ ’ਤੇ ਬੈਠੇ ਸਨ ਤਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਆ ਕੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਨਾਲ ਹੀ ਜਦੋਂ ਤੱਕ ਪੱਕੇ ਕਰਨ ਦੀ ਪਾਲਿਸੀ ਤਿਆਰ ਨਹੀਂ ਹੋ ਜਾਂਦੀ, ਉਦੋਂ ਤੱਕ ਅਧਿਆਪਕਾਂ ਨੂੰ 36 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਪਰ ਸਰਕਾਰ ਬਣਨ ਤੋਂ ਬਾਅਦ ‘ਆਪ’ ਹੁਣ ਆਪਣੇ ਕੀਤੇ ਸਾਰੇ ਵਾਅਦੇ ਭੁੱਲ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪੂਰੇ ਸੂਬੇ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਸਵੇਰੇ 10 ਤੋਂ 3 ਵਜੇ ਤੱਕ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਹਨ। 31 ਜੁਲਾਈ ਨੂੰ ਯੂਨੀਅਨ ਮੁੱਖ ਮੰਤਰੀ ਦਾ ਸੁਨਾਮ ਵਿੱਚ ਘਿਰਾਓ ਕਰੇਗੀ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਹੈ। ਇਸ ਵਿੱਚ ਮੰਗ ਕੀਤੀ ਹੈ ਕਿ ਸਾਰੇ ਕੱਚੇ ਅਧਿਆਪਕਾਂ ਨੂੰ ਬਣ ਰਹੀ ਪਾਲਿਸੀ ਵਿੱਚ ਲਿਆ ਕੇ ਯੋਗਤਾ ਮੁਤਾਬਕ ਪੱਕਾ ਕੀਤਾ ਜਾਵੇ। ਜਦੋਂ ਤੱਕ ਕੋਈ ਪਾਲਿਸੀ ਨਹੀਂ ਆਉਂਦੀ ਅਧਿਆਪਕਾਂ ਨੂੰ 36 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ। ਕੱਚੇ ਅਧਿਆਪਕਾਂ ਨੂੰ 15 ਦਿਨਾਂ ਤੋਂ ਵੱਧ ਮੈਡੀਕਲ ਛੁੱਟੀ ਲਈ ਤਨਖਾਹ ਕਟਵਾਉਣੀ ਪੈਂਦੀ ਹੈ, ਉਸ ਬਾਰੇ ਵਿਭਾਗ ਕੁੱਝ ਸੋਚੇ।
ਉਨ੍ਹਾਂ ਕਿਹਾ ਕਿ ਇਸ ਮੰਗ ਪੱਤਰ ਦੇ ਰਾਹੀਂ ਯੂਨੀਅਨ ਦੇ ਮੈਂਬਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਸੱਤਾ ਹਾਸਲ ਕਰਨ ਤੋਂ ਬਾਅਦ ਇੰਝ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਸੋ ਗਏ ਹਨ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਹੋਰ ਵੀ ਮੈਂਬਰ ਮੌਜੂਦ ਸਨ।