ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਨਵੰਬਰ
ਪਿਛਲੇ ਦਿਨੀਂ ਸਲੇਮ ਟਾਬਰੀ ਕੋਲ ਪੁਲੀਸ ਨਾਕੇ ਨੂੰ ਟੱਕਰ ਮਾਰ ਕੇ ਫ਼ਰਾਰ ਹੋਏ ਗੈਂਗਸਟਰ ਜਤਿੰਦਰ ਸਿੰਘ ਉਰਫ਼ ਜਿੰਦੀ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਵਿਦਾਸ ਭਾਈਚਾਰੇ ਦੇ ਲੋਕ ਜਿੰਦੀ ਹੱਕ ’ਚ ਨਿੱਤਰ ਆਏ ਹਨ। ਲੋਕਾਂ ਨੇ ਜਿੱਥੇ ਜਿੰਦੀ ਖਿਲਾਫ਼ ਸਾਜਿਸ਼ ਰਚਣ ਦੇ ਦੋਸ਼ ਲਾਏ ਤੇ ਕਿਹਾ ਕਿ ਸਰਕਾਰ ਦੇ ਦਬਾਅ ’ਚ ਪੁਲੀਸ ਇਹ ਸਭ ਕਰ ਰਹੀ ਹੈ ਤਾਂ ਕਿ ਜਿੰਦੀ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨਾ ਲੜ ਸਕੇ। ਮੰਗਲਵਾਰ ਨੂੰ ਜਲੰਧਰ ਬਾਈਪਾਸ ਸਥਿਤ ਡਾ. ਬੀਆਰ ਅੰਬੇਦਕਰ ਭਵਨ ’ਚ ਸਮਾਜ ਦੇ ਕਈ ਲੋਕਾਂ ਨੇ ਜਿੰਦੀ ਦੇ ਸਮਰਥਨ ’ਚ ਇਕੱਠੇ ਹੋ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹੱਥ ’ਚ ਤਖ਼ਤੀਆਂ ਫੜ ਕੇ ਜਿੰਦੀ ਲਈ ਇਨਸਾਫ਼ ਦੀ ਮੰਗ ਕੀਤੀ ਗਈ। ਲੋਕਾਂ ਨੇ ਮੀਟਿੰਗ ਦੌਰਾਨ ਪੁਲੀਸ ਨੂੰ ਪੰਜ ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਤੇ ਕਿਹਾ ਕਿ ਅੱਗੇ ਦੀ ਰਣਨੀਤੀ ਉਸ ਤੋਂ ਬਾਅਦ ਤਿਆਰ ਕੀਤੀ ਜਾਵੇਗੀ।
ਸਤਿਗੁਰੂ ਰਵਿਦਾਸ ਧਰਮ ਸਮਾਜ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਜਤਿੰਦਰ ਸਿੰਘ ਜਿੰਦੀ ਨਾਲ ਪੁਲੀਸ ਧੱਕਾ ਕਰ ਰਹੀ ਹੈ। ਜਿੰਦੀ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਨੰਦ ਕਿਸ਼ੋਰ ਨੇ ਕਿਹਾ ਕਿ ਜਿੰਦੀ ਨੇ ਵੀਡੀਓ ’ਚ ਸਾਫ਼ ਆਖਿਆ ਹੈ ਕਿ ਉਸ ਨੇ ਕਿਸੇ ’ਤੇ ਗੋਲੀ ਨਹੀਂ ਚਲਾਈ, ਪਰ ਪੁਲੀਸ ਦਾ ਕਹਿਣਾ ਹੈ ਕਿ ਉਹ ਗੋਲੀ ਚਲਾ ਕੇ ਭੱਜਿਆ ਹੈ। ਪਿਛਲੀਆਂ ਨਗਰ ਨਿਗਮ ਚੋਣਾਂ ’ਚ ਉਹ ਆਜ਼ਾਦ ਚੋਣ ਲੜਿਆ ਸੀ ਅਤੇ ਉਸ ਤੋਂ ਬਾਅਦ ਕਾਂਗਰਸ ’ਚ ਸ਼ਾਮਲ ਹੋ ਗਿਆ। ਵਿਧਾਨ ਸਭਾ ਚੋਣਾਂ ’ਚ ਉਸ ਨੇ ਕਾਂਗਰਸ ਦੀ ਹਮਾਇਤ ਕੀਤੀ ਸੀ। ਇਸ ਕਾਰਨ ਇਹ ਸਾਜਿਸ਼ ਰਚੀ ਗਈ ਹੈ ਤਾਂ ਕਿ ਜਿੰਦੀ ਚੋਣ ਨਾ ਲੜ ਸਕੇ।