ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਨਵੰਬਰ
ਤਰਕਸ਼ੀਲ ਸੁਸਾਇਟੀ ਜ਼ੋਨ ਲੁਧਿਆਣਾ ਦੀ ਅਹਿਮ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਜਸਵੰਤ ਜਰੀਖ ਦੀ ਅਗਵਾਈ ਵਿੱਚ ਤਰਕਸ਼ੀਲ ਦਫਤਰ, ਨੇੜੇ ਬੱਸ ਸਟੈਂਡ ਲੁਧਿਆਣਾ ਵਿੱਚ ਹੋਈ। ਇਸ ਵਿੱਚ ਜ਼ੋਨ ਲੁਧਿਆਣਾ ਦੀਆਂ ਇਕਾਈਆਂ ਵਿੱਚ ਜਰਗ, ਸੁਧਾਰ, ਜਗਰਾਉਂ, ਮਾਲੇਰਕੋਟਲਾ, ਲੁਧਿਆਣਾ, ਕੁਹਾੜਾ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸੁਸਾਇਟੀ ਦਾ ਨਵੰਬਰ-ਦਸੰਬਰ-2021 ਦਾ ‘ਤਰਕਸ਼ੀਲ’ ਦੋ ਮਾਸਿਕ ਰਸਾਲਾ ਲੋਕ ਅਰਪਣ ਕੀਤਾ ਗਿਆ। ਇਸ ਮੀਟਿੰਗ ਵਿੱਚ ਜਿੱਥੇ ਵੱਖ-ਵੱਖ ਏਜੰਡਿਆਂ ’ਤੇ ਚਰਚਾ ਹੋਈ, ਉੱਥੇ ਇਹ ਵੀ ਦੱਸਿਆ ਕਿ ‘ਤਰਕਸ਼ੀਲ’ ਰਸਾਲਾ ਪੰਜਾਬੀ ਦੇ ਛਪਣ ਵਾਲੇ ਸਾਰੇ ਰਸਾਲਿਆਂ ਵਿੱਚੋਂ ਸਭ ਤੋਂ ਵੱਧ 12,000 ਦੀ ਗਿਣਤੀ ਵਿਚ ਛਪਦਾ ਹੈ। ਇਸ ਮੌਕੇ ਹੋਈ ਚਰਚਾ ਵਿੱਚ ਜ਼ੋਨ ਮੀਡੀਆ ਮੁਖੀ ਦਲਬੀਰ ਕਟਾਣੀ, ਜ਼ੋਨ ਵਿੱਤ ਮੁਖੀ ਆਤਮਾ ਸਿੰਘ, ਸਮਸ਼ੇਰ ਨੂਰਪੁਰੀ, ਨਛੱਤਰ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ ਅਤੇ ਕਰਤਾਰ ਸਿੰਘ ਨੇ ਹਿੱਸਾ ਲਿਆ। ਇਸ ਦੌਰਾਨ ਸੁਸਾਇਟੀ ਵੱਲੋਂ ਚੌਥੀ ਪ੍ਰੀਖਿਆ ਦੀ ਵਿਉਂਤਬੰਦੀ ਕੀਤੀ ਗਈ,ਹਰ ਇਕਾਈ ਵੱਲੋਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਚੇਤਨਾ ਪਰਖ ਪ੍ਰੀਖਿਆ ਵਿੱਚ ਬੈਠਣ ਲਈ ਤਿਆਰ ਕਰਨ ਦਾ ਫ਼ੈਸਲਾ ਲਿਆ ਗਿਆ।