ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਗਸਤ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ’ਚੋਂ ਤਰਕਸ਼ੀਲ ਕਾਫ਼ਲਿਆਂ ਨੇ ਦਿੱਲੀ ਦੇ ਵੱਖ ਵੱਖ ਬਾਰਡਰਾਂ ’ਤੇ ਲੱਗੇ ਕਿਸਾਨ ਮੋਰਚਿਆਂ ਵਿੱਚ ਡਾ. ਨਰੇਂਦਰ ਦਬੋਲਕਰ ਦਾ ਸ਼ਹੀਦੀ ਦਿਨ, ਉਨ੍ਹਾਂ ਦੇ ਵਿਚਾਰਾਂ ਨੂੰ ਸਮਰਪਿਤ ਅਤੇ ਕਿਸਾਨ-ਮਜ਼ਦੂਰ ਅਤੇ ਲੋਕ ਵਿਰੋਧੀ ਤਿੰਨ ਕਾਨੂੰਨਾਂ ਬਾਰੇ ਵਿਗਿਆਨਿਕ ਪਹੁੰਚ ਦਰਸਾਉਂਦਾ ਸਾਹਿਤ ਵੰਡ ਕੇ ਮਨਾਇਆ। ਇਨ੍ਹਾਂ ਕਾਫਲਿਆਂ ਵਿੱਚ ਤਰਕਸ਼ੀਲ ਸੁਸਾਇਟੀ ਜ਼ੋਨ ਲੁਧਿਆਣਾ ਦੀਆਂ ਵੱਖ ਵੱਖ ਇਕਾਈਆਂ ਦੇ ਕਾਫ਼ਲੇ ਨੇ ਵੀ ਜਥੇਬੰਦਕ ਮੁਖੀ ਜਸਵੰਤ ਜੀਰਖ ਦੀ ਅਗਵਾਈ ’ਚ ਭਰਵੀਂ ਸ਼ਮੂਲੀਅਤ ਕੀਤੀ। ਮਹਾਰਾਸ਼ਟਰ ਵਿੱਚ ਤਰਕਸ਼ੀਲ ਲਹਿਰ ਦੇ ਸਿਰਮੌਰ ਆਗੂ ਡਾ. ਨਰੇਂਦਰ ਦਬੋਲਕਰ ਜਿਨ੍ਹਾਂ ਨੂੰ ਅੰਧ ਵਿਸ਼ਵਾਸਾਂ ਅਤੇ ਇਨ੍ਹਾਂ ਨੂੰ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨ ਲਾਗੂ ਕਰਨ ਦੀ ਆਵਾਜ਼ ਉਠਾਉਣ ਕਾਰਨ, ਫਿਰਕੂ ਕੱਟੜਪੰਥੀਆਂ ਵੱਲੋਂ 20 ਅਗਸਤ 2013 ਨੂੰ ਸ਼ਹੀਦ ਕਰ ਦਿੱਤਾ ਸੀ, ਉਨ੍ਹਾਂ ਦੇ ਵਿਚਾਰਾਂ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਹਰ ਸਾਲ ਉਨ੍ਹਾਂ ਵੱਲੋਂ ਵਿੱਢੇ ਸੰਘਰਸ਼ ਦੀ ਰੌਸ਼ਨੀ ਨੂੰ ਅੱਗੇ ਵਧਾਉਣ ਲਈ ਵੱਖ ਵੱਖ ਢੰਗਾਂ ਰਾਹੀਂ ਪ੍ਰਚਾਰ ਪਸਾਰ ਕਰਦੀ ਆ ਰਹੀ ਹੈ। ਇਸ ਵਾਰ ਇਸ ਸੰਸਥਾ ਵੱਲੋਂ ਤਿੰਨ ਵਿਸ਼ੇਸ਼ ਕਿਤਾਬਾਂ ‘ਖੇਤੀ ਕਾਨੂੰਨ, ਸੰਘਰਸ਼ ਅਤੇ ਵਿਗਿਆਨਿਕ ਚੇਤਨਾ’, ‘ਕਿਸਾਨੀ ਸੰਕਟ ਤੇ ਵਿਗਿਆਨਿਕ ਪਹੁੰਚ’ ਅਤੇ ‘ਤੇ ਦੇਵ ਪੁਰਸ਼ ਹਾਰ ਗਏ’ ਸਮੇਤ ਇਕ ਹੱਥ ਪਰਚਾ ਡਾ. ਦਬੋਲਕਰ ਦੇ ਜੀਵਨ ਬਾਰੇ ਛਪਵਾਕੇ ਕਿਸਾਨੀ ਮੋਰਚਿਆਂ ਵਿੱਚ ਚੇਤਨਾ ਫੈਲਾਉਣ ਲਈ ਵੰਡੇ ਗਏ। ਇਨ੍ਹਾਂ ਤਰਕਸ਼ੀਲ ਕਾਫ਼ਲਿਆਂ ਨੇ ਸਿੰਘੂ, ਟਿਕਰੀ, ਗਾਜ਼ੀਪੁਰ ਆਦਿ ਦਿੱਲੀ ਦੀਆਂ ਬਰੂਹਾਂ ’ਤੇ ਲੱਗੇ ਕਿਸਾਨ ਮੋਰਚਿਆਂ ਵਿੱਚ ਉਪਰੋਕਤ ਸਾਹਿਤ ਕਿਸਾਨਾਂ ਦੇ ਲੱਗੇ ਤੰਬੂਆਂ ਤੱਕ ਪਹੁੰਚਾਇਆ। ਲੁਧਿਆਣਾ ਜ਼ੋਨ ਵੱਲੋਂ ਇਸ ਕਾਫ਼ਲੇ ਵਿੱਚ ਸ਼ਾਮਲ ਵੱਖ ਵੱਖ ਆਗੂਆਂ ਜਿਨ੍ਹਾਂ ਵਿੱਚ ਜ਼ੋਨ ਦੇ ਵਿੱਤ ਮੁਖੀ ਆਤਮਾ ਸਿੰਘ, ਮੀਡੀਆ ਮੁਖੀ ਦਲਬੀਰ ਕਟਾਣੀ, ਇਕਾਈ ਲੁਧਿਆਣਾ ਦੇ ਮੁਖੀ ਬਲਵਿੰਦਰ ਸਿੰਘ, ਮਾਲੇਰਕੋਟਲਾ ਦੇ ਮੁਖੀ ਮੋਹਨ ਸਿੰਘ ਬਡਲਾ, ਮੇਜਰ ਸਿੰਘ, ਜਗਰਾਓਂ ਦੇ ਮੁਖੀ ਕਰਤਾਰ ਸਿੰਘ ਵੀਰਾਨ, ਕੋਹਾੜਾ ਦੇ ਮਾਸਟਰ ਰਾਜਿੰਦਰ ਜੰਡਿਆਲੀ, ਭੁਪਿੰਦਰ ਸਿੰਘ ਮਾਂਗਟ ਸਮੇਤ ਵੱਡੀ ਗਿਣਤੀ ’ਚ ਪੰਜਾਬ ਭਰ ਦੇ ਤਰਕਸ਼ੀਲ ਕਾਰਕੁਨ ਸ਼ਾਮਲ ਸਨ।