ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਪਰੈਲ
ਸਨਅਤੀ ਸ਼ਹਿਰ ਦੇ ਇੱਕ ਵਕੀਲ ਨੇ ਕਲੇਮ ਸੰਬੰਧੀ ਕੇਸ ਲੜਨ ਅਤੇ ਮਦਦ ਕਰਨ ਦੇ ਨਾਲ-ਨਾਲ ਪੀੜਤ ਦੀ ਨਾਬਾਲਗ ਲੜਕੀ ਨਾਲ ਹੀ ਜਬਰ-ਜਨਾਹ ਕਰ ਦਿੱਤਾ।
ਇੰਨਾ ਹੀ ਨਹੀਂ ਮੁਲਜ਼ਮ ਨੇ ਨਾਬਾਲਗ ਨੂੰ ਪਹਿਲਾਂ ਆਪਣੇ ਕੋਲ ਕੰਮ ‘ਤੇ ਰੱਖਿਆ ਤੇ ਫਿਰ ਮਦਦ ਦਾ ਦਿਖਾਵਾ ਕਰ ਨਾਬਾਲਗ ਤੇ ਉਸ ਦੇ ਪਿਤਾ ਨੂੰ ਘਰ ਲੈ ਗਿਆ। ਮੁਲਜ਼ਮ ਨੇ ਘਰ ਵਿੱਚ ਨਾਬਾਲਗ ਨੂੰ ਬੰਧਕ ਬਣਾ ਲਿਆ। ਜਦੋਂ ਪੀੜਤਾ ਦੇ ਪਿਤਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਨਾਬਾਲਗ ਦੇ ਪਿਤਾ ਦੀ ਸ਼ਿਕਾਇਤ ‘ਤੇ ਵਕੀਲ ਪੱਖੋਵਾਲ ਰੋਡ ਸਥਿਤ ਗ੍ਰੀਨ ਐਵੀਨਿਊ ਵਾਸੀ ਰਾਜਿੰਦਰ ਸਿੰਘ ਉਰਫ਼ ਗੋਰਾ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਉਸਦੇ ਘਰ ‘ਚੋਂ ਨਾਬਾਲਗ ਨੂੰ ਛੁਡਵਾ ਲਿਆ ਹੈ। ਉਧਰ, ਪੁਲੀਸ ਨੇ ਪੀੜਤ ਦੀ ਮੈਡੀਕਲ ਜਾਂਚ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੀੜਤਾ ਦੇ ਪਿਤਾ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਉਸ ਦਾ ਹਾਦਸਾ ਹੋ ਗਿਆ ਸੀ, ਜਿਸ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਦਾ ਕਲੇਮ ਸਬੰਧੀ ਕੇਸ ਦੀ ਪੈਰਵਾਈ ਵਕੀਲ ਰਾਜਿੰਦਰ ਸਿੰਘ ਕਰ ਰਿਹਾ ਸੀ। ਉਹ ਪੈਰਵਾਈ ਲਈ ਨਾ ਸਕਿਆ ਤਾਂ ਉਸ ਨੇ ਆਪਣੀ ਨਾਬਾਲਗ ਲੜਕੀ ਨੂੰ ਮੁਲਜ਼ਮ ਕੋਲ ਭੇਜਿਆ। ਮੁਲਜ਼ਮ ਨੇ ਉਸ ਦੇ ਬਿਮਾਰ ਹੋਣ ਦਾ ਫਾਇਦਾ ਚੁੱਕਿਆ ਅਤੇ ਉਸਦੀ ਨਾਬਾਲਗ ਲੜਕੀ ਨੂੰ ਕੰਮ ‘ਤੇ ਰੱਖ ਲਿਆ। ਕੁਝ ਸਮੇਂ ਬਾਅਦ ਮੁਲਜ਼ਮ ਉਸ ਨੂੰ ਤੇ ਨਾਬਾਲਗ ਲੜਕ ਨੂੰ ਮਦਦ ਕਰਨ ਦੇ ਨਾਮ ‘ਤੇ ਆਪਣੇ ਘਰ ਲੈ ਗਿਆ। 10 ਅਪਰੈਲ ਨੂੰ ਉਹ ਮੁਲਜ਼ਮ ਦੇ ਘਰ ਸੌ ਰਿਹਾ ਸੀ ਤਾਂ ਮੁਲਜ਼ਮ ਉਸ ਦੀ ਨਾਬਾਲਗ ਲੜਕੀ ਨੂੰ ਆਪਣੇ ਕਮਰੇ ‘ਚ ਲੈ ਗਿਆ, ਜਿੱਥੇ ਉਸਨੇ ਲੜਕੀ ਨਾਲ ਜਬਰ-ਜਨਾਹ ਕੀਤਾ ਤੇ ਬਾਅਦ ‘ਚ ਮੁਲਜ਼ਮ ਨੇ ਨਾਬਾਲਗ ਨੂੰ ਧਮਕੀਆਂ ਦਿੱਤੀਆਂ ਕਿ ਉਹ ਕਿਸੇ ਨੂੰ ਕੁਝ ਨਾ ਦੱਸੇ। ਨਾਬਾਲਗ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਹ ਘਰ ਛੱਡ ਕੇ ਆਪਣੇ ਘਰ ਆ ਗਏ। ਪੀੜਤ ਨਾਬਾਲਗ ਕੰਮ ‘ਤੇ ਗਈ ਤਾਂ ਵਾਪਸ ਨਹੀਂ ਆਈ। ਜਿਸ ਤੋਂ ਬਾਅਦ ਪੀੜਤ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੁਲਜ਼ਮ ਰਾਜਿੰਦਰ ਗੋਰਾ ਦੇ ਘਰ ਛਾਪਾ ਮਾਰੀ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲੜਕੀ ਨੂੰ ਬਰਾਮਦ ਕਰ ਲਿਆ ਹੈ। ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛੀਗਛ ਕੀਤੀ ਜਾ ਰਹੀ ਹੈ।