ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਮਾਰਚ
ਸਹੇਲੀ ਦੇ ਦੋਸਤ ਦੀ ਜਨਮ ਦਿਨ ਪਾਰਟੀ ’ਤੇ ਗਈ ਲੜਕੀ ਨਾਲ ਸਹੇਲੀ ਦੇ ਦੋਸਤ ਨੇ ਹੀ ਨਸ਼ੀਲੀ ਕੋਲਡਰਿੰਕ ਪਿਆ ਕੇ ਜਬਰ ਜਨਾਹ ਕਰ ਦਿੱਤਾ। ਇੰਨ੍ਹਾਂ ਹੀ ਨਹੀਂ ਜਦੋਂ ਲੜਕੀ ਨੂੰ ਹੋਸ਼ ਆਇਆ ਤਾਂ ਉਸਨੂੰ ਪਤਾ ਲੱਗਿਆ। ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਉਸਦੀ ਸਹੇਲੀ ਤੇ ਇੱਕ ਲੜਕੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਜਲੰਧਰ ਬਾਈਪਾਸ ਸਥਿਤ 30 ਫੁੱਟੀ ਰੋਡ ਵਾਸੀ ਰੋਹਿਤ ਬਾਵਾ ਤੇ ਸੋਨੀਆ ਵਰਮਾ ਉਰਫ਼ ਜੈਨੀ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਐਸ.ਐਚ.ਓ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਢੋਲੇਵਾਲ ਇਲਾਕੇ ’ਚ ਰਹਿਣ ਵਾਲੀ ਇੱਕ ਲੜਕੀ ਨੂੰ ਉਸਦੀ ਸਹੇਲੀ ਆਪਣੇ ਨਾਲ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ ’ਤੇ ਲੈ ਗਈ ਸੀ। ਪੀੜਤਾ ਦੀ ਸਹੇਲੀ ਸਾਹਨੇਵਾਲ ਇਲਾਕੇ ਦੀ ਰਹਿਣ ਵਾਲੀ ਹੈ। ਪੀੜਤਾ ਆਪਣੀ ਸਹੇਲੀ ਦੇ ਨਾਲ ਤਿੰਨ ਮਾਰਚ ਨੂੰ ਉਸਦੇ ਦੋਸਤ ਦੇ ਘਰ ਚਲੀ ਗਈ ਸੀ। ਉਸ ਦਿਨ ਉੱਥੇ ਪੀੜਤਾ ਦੀ ਸਹੇਲੀ ਦੇ ਦੋਸਤ ਦਾ ਇੱਕ ਦੋਸਤ ਮੌਜੂਦ ਸੀ। ਉਨ੍ਹਾਂ ਨੇ ਮਿਲ ਕੇ ਲੜਕੀ ਨੂੰ ਕੋਲਡਰਿੰਕ ’ਚ ਕੁਝ ਨਸ਼ੀਲਾ ਪਦਾਰਥ ਮਿਲਾ ਕੇ ਪਿਆ ਦਿੱਤਾ, ਜਿਸ ਨਾਲ ਉਹ ਬੇਸੁੱਧ ਹੋ ਗਈ ਤੇ ਉਸਨੂੰ ਹੋਸ਼ ’ਚ ਆਉਣ ਤੋਂ ਬਾਅਦ ਘਟਨਾ ਦਾ ਪਤਾ ਲੱਗਿਆ। ਲੜਕੀ ਨੇ ਸੋਮਵਾਰ ਨੂੰ ਜਦੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਤਾਂ ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਪੀੜਤਾ ਦੀ ਸਹੇਲੀ ਤੇ ਉਸਦੇ ਦੋਸਤ ਦੇ ਦੋਸਤ ਖਿਲਾਫ਼ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੀੜ੍ਹਤਾ ਦਾ ਮੈਡੀਕਲ ਕਰਵਾਉਣ ਦੀ ਕਾਰਵਾਈ ਪੁਲੀਸ ਨੇ ਸ਼ੁਰੂ ਕਰ ਦਿੱਤੀ ਹੈ।