ਗੁਰਿੰਦਰ ਸਿੰਘ
ਲੁਧਿਆਣਾ, 15 ਅਕਤੂਬਰ
ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਨੇ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੀ ਬੇਰੁਖੀ ਅਤੇ ਵਾਅਦਾਖਿਲਾਫੀ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ 27 ਅਕਤੂਬਰ ਨੂੰ ਪ੍ਰਿੰਸੀਪਲ ਸਕੱਤਰ ਸਿੰਜਾਈ ਦੀਆਂ ਅਰਥੀਆਂ ਫੂਕਣ ਅਤੇ 16-17 ਨਵੰਬਰ ਨੂੰ ‘ਆਪ’ ਸਰਕਾਰ ਖ਼ਿਲਾਫ਼ ਜ਼ਿਲ੍ਹਾ ਹੈਡਕੁਆਰਟਰ ’ਤੇ ਭੁੱਖ ਹੜਤਾਲ ਕੀਤੀ ਜਾਵੇਗੀ। ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿੱਚ ਕੀਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਜਰਨਲ ਰਣਜੀਤ ਸਿੰਘ ਰਾਣਵਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਿਰਫ਼ ਰਾਜਸੱਤਾ ਹਥਿਆਉਣ ਲਈ ਝੂਠੇ ਵਾਅਦੇ ਕੀਤੇ ਗਏ ਸਨ, ਜੋ ਲੋਕਤੰਤਰ ਵਿੱਚ ਵੋਟਰਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਕੱਚੇ, ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ, 10 ਫ਼ੀਸਦੀ ਡੀਏ ਦੀਆਂ ਕਿਸ਼ਤਾਂ, ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨ, ਪੇਂਡੂ ਭੱਤਾ, ਬਾਰਡਰ ਭੱਤਾ ਸਮੇਤ 37 ਭੱਤੇ ਬਹਾਲ ਕਰਨ, ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਅਤੇ ਦਰਜਾ ਚਾਰ ਮੁਲਾਜ਼ਮਾਂ ਦਾ ਕੱਟਿਆ ਇੱਕ ਸਪੈਸ਼ਲ ਇੰਕਰੀਮਿੰਟ ਬਹਾਲ ਕਰਨ ਵਰਗੀਆਂ ਮੰਗਾਂ ਤੋਂ ਪੰਜਾਬ ਸਰਕਾਰ ਨੇ ਪਿੱਠ ਮੋੜ ਲਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਮੁਲਾਜ਼ਮ ਵਿਰੋਧੀ ਰਵੱਈਏ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਫੈਡਰੇਸ਼ਨ ਵੱਲੋਂ 17 ਅਕਤੂਬਰ ਤੋਂ 21 ਅਕਤੂਬਰ ਤੱਕ ਰੋਸ ਹਫ਼ਤੇ ਵਿੱਚ ਕੀਤੇ ਜਾਣ ਵਾਲੇ ਰੋਸ ਮੁਜ਼ਾਹਰਿਆਂ ਵਿੱਚ ਵੀ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਚੰਦਨ ਸਿੰਘ, ਕ੍ਰਿਸ਼ਨ ਪ੍ਰਸ਼ਾਦਿ ਚੰਡੀਗੜ੍ਹ, ਹਰਭਗਵਾਨ ਮੁਕਤਸਰ, ਮੇਲਾ ਸਿੰਘ ਪੁੰਨਾਂਵਾਲ, ਰਮੇਸ਼ ਕੁਮਾਰ, ਜਗਦੀਸ਼ ਸਿੰਘ ਬਰਨਾਲਾ, ਰਾਜ ਕੁਮਾਰ ਰੰਗਾ, ਅਮਰਜੀਤ ਸਿੰਘ ਚੋਪੜਾ, ਸੁਰਿੰਦਰ ਬੈਂਸ ਲੁਧਿਆਣਾ ਅਤੇ ਦੀਪ ਚੰਦ ਹੰਸ ਹਾਜ਼ਰ ਸਨ।