ਪੌਣੀ ਸਦੀ ਬਾਅਦ ਆਪਣਾ ਸਕੂਲ ਦੇਖਣ ਬਰਤਾਨੀਆ ਤੋਂ ਸਿੱਧਵਾਂ ਪੁੱਜੀ 93 ਸਾਲਾ ਰਣਜੀਤ ਕੌਰ : The Tribune India

ਪੌਣੀ ਸਦੀ ਬਾਅਦ ਆਪਣਾ ਸਕੂਲ ਦੇਖਣ ਬਰਤਾਨੀਆ ਤੋਂ ਸਿੱਧਵਾਂ ਪੁੱਜੀ 93 ਸਾਲਾ ਰਣਜੀਤ ਕੌਰ

ਪੌਣੀ ਸਦੀ ਬਾਅਦ ਆਪਣਾ ਸਕੂਲ ਦੇਖਣ ਬਰਤਾਨੀਆ ਤੋਂ ਸਿੱਧਵਾਂ ਪੁੱਜੀ 93 ਸਾਲਾ ਰਣਜੀਤ ਕੌਰ

75 ਸਾਲ ਬਾਅਦ ਸਕੂਲ ਪੁੱਜੀ ਮਾਤਾ ਰਣਜੀਤ ਕੌਰ।

ਜਸਬੀਰ ਸ਼ੇਤਰਾ

ਜਗਰਾਉਂ, 25 ਮਈ

ਦੇਸ਼ ਦੀ ਵੰਡ ਮੌਕੇ 1947 ’ਚ ਨੇੜਲੇ ਸਿੱਧਵਾਂ ਖੁਰਦ ਵਾਲੇ ਸਿੱਖ ਗਰਲਜ਼ ਸਕੂਲ ਤੋਂ ਹੋਸਟਲ ’ਚ ਰਹਿ ਕੇ ਮੈਟ੍ਰਿਕ ਪਾਸ ਕਰਨ ਵਾਲੀ ਇੰਗਲੈਂਡ ਤੋਂ ਆਈ 93 ਸਾਲਾ ਬੀਬੀ ਰਣਜੀਤ ਕੌਰ ਨੇ 75 ਵਰ੍ਹਿਆਂ ਮਗਰੋਂ ਅੱਜ ਮੁੜ ਆਪਣੇ ਸਕੂਲ ਦੇ ‘ਦਰਸ਼ਨ’ ਕੀਤੇ। ਉਨ੍ਹਾਂ ਵਿਦਿਆਰਥਣਾਂ ਨਾਲ ਉਸ ਦੌਰ ’ਚ ਸਕੂਲ ਤੇ ਹੋਸਟਲ ਦੀ ਸੂਰਤੇਹਾਲ ਦੀ ਜਾਣਕਾਰੀ ਸਾਂਝੀ ਕੀਤੀ। ਸਕੂਲ ਸਟਾਫ਼ ਨੇ ਵੀ ਬੀਬੀ ਨੂੰ ਬੜੇ ਚਾਅ ਨਾਲ ਜੀ ਆਇਆਂ ਕਿਹਾ ਤੇ ਸਕੂਲ ਦੇ ਦਾਖ਼ਲਾ ਰਜਿਸਟਰ ’ਤੇ ਉਨ੍ਹਾਂ ਦੇ ਨਾਂ ਵਾਲਾ ਇੰਦਰਾਜ ਦਿਖਾਇਆ। ਮਾਤਾ ਰਣਜੀਤ ਕੌਰ ਨੂੰ ਪੁਰਾਣੇ ਹੋਸਟਲ ਦੀ ਉਹ ਇਮਾਰਤ ਵੀ ਦਿਖਾਈ ਗਈ ਜਿੱਥੇ ਉਸ ਵਕਤ ਸਕੂਲ ਵਾਲੀਆਂ ਬੱਚੀਆਂ ਦੀ ਰਿਹਾਇਸ਼ ਹੁੰਦੀ ਸੀ। ਜ਼ਿਕਰਯੋਗ ਹੈ ਕਿ ਸਿੱਧਵਾਂ ਖੁਰਦ ਦੇ ਸਰਦਾਰ ਨਰਾਇਣ ਸਿੰਘ ਨੇ ਆਪਣੀ ਇਕਲੌਤੀ ਬੇਟੀ ਬੀਬੀ ਹਰਪਰਕਾਸ਼ ਕੌਰ ਨੂੰ ਪੜ੍ਹਾਉਣ ਖ਼ਾਤਰ 1909 ’ਚ ਸਿਰਫ 5 ਬੱਚੀਆਂ ਦੇ ਦਾਖ਼ਲੇ ਨਾਲ ਇਹ ਸਕੂਲ ਸ਼ੁਰੂ ਕੀਤਾ ਸੀ ਜੋ ਕਿ ਬਾਅਦ ’ਚ ਲੜਕੀਆਂ ਦੇ ਵੱਡੇ ਵਿੱਦਿਅਕ ਅਦਾਰਿਆਂ ਦਾ ਰੂਪ ਅਖਤਿਆਰ ਕਰ ਗਿਆ। 1944 ’ਚ ਫ਼ੌਤ ਹੋਏ ਸਰਦਾਰ ਨਰਾਇਣ ਸਿੰਘ ਆਪਣੀ ਸਾਰੀ ਜ਼ਮੀਨ ਜਾਇਦਾਦ ਇਸ ਗਰਲਜ਼ ਸਕੂਲ ਨੂੰ ਦਾਨ ਵਜੋਂ ਦੇ ਗਏ ਸਨ। ਇਸੇ ਜ਼ਮੀਨ ’ਤੇ ਹੀ ਲੜਕੀਆਂ ਦੇ ਕਾਲਜ ਉਸਰੇ। ਸਕੂਲ ਦੀਆਂ ਮੌਜੂਦਾ ਵਿਦਿਆਰਥਣਾਂ ਨੂੰ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਉਸ ਵੇਲੇ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ ਹੁੰਦਾ ਤੇ ਪੜ੍ਹਾਈ ਮਹਿੰਗੀ ਵੀ ਬਹੁਤ ਸੀ। ਸਕੂਲ ਫੀਸ ਇਕ ਰੁਪਏ ਤੇ ਹੋਸਟਲ ਦਾ ਖ਼ਰਚਾ 20 ਰੁਪਏ ਮਹੀਨਾ ਹੁੰਦਾ ਸੀ ਜਿਸ ’ਚ ਧੋਬੀ ਦਾ ਖ਼ਰਚਾ ਵੀ ਸ਼ਾਮਲ ਸੀ। ਮੈੱਸ ਦਾ ਖਾਣਾ ਲੜਕੀਆਂ ਵਾਰੀ ਸਿਰ ਖ਼ੁਦ ਤਿਆਰ ਕਰਦੀਆਂ ਸੀ।

ਸਕੂਲ ਦੇ ਬਾਨੀ ਨਰਾਇਣ ਸਿੰਘ ਦੀ ਪਤਨੀ ਬੀਬੀ ਰਾਮ ਕੌਰ ਖ਼ੁਦ ਵੀ ਖਾਣਾ ਤਿਆਰ ਕਰਨ ਵੇਲੇ ਨਿਸ਼ਕਾਮ ਸੇਵਾ ਕਰਦੀ ਹੁੰਦੀ ਸੀ। ਬਿਜਲੀ ਦਾ ਪਿੰਡਾਂ ’ਚ ਕੋਈ ਨਾਮ ਨਿਸ਼ਾਨ ਨਹੀਂ ਸੀ, ਸਾਰੇ ਹੋਸਟਲ ਦੀਆਂ ਕੁੜੀਆਂ ਮਿੱਟੀ ਦੇ ਤੇਲ ਵਾਲੇ ਸਿਰਫ ਇਕ ਲੈਂਪ ਦੇ ਸਹਾਰੇ ਰਾਤ ਨੂੰ ਪੜ੍ਹਦੀਆਂ ਸਨ। ਵਿਦਿਆਰਥਣਾਾਂ ਦੇ ਮਾਪੇ ਹੋਸਟਲ ’ਚ ਰਹਿ ਰਹੀਆਂ ਆਪਣੀਆਂ ਬੱਚੀਆਂ ਨੂੰ ਛੁੱਟੀ ਵਾਲੇ ਦਿਨ ਰੇਲ ਗੱਡੀ ਤੋਂ ਇਲਾਵਾ ਘੋੜੀਆਂ ਜਾਂ ਬੋਤਿਆਂ ਦੀ ਸਵਾਰੀ ਜ਼ਰੀਏ ਵੀ ਮਿਲਣ ਖ਼ਾਤਰ ਆਉਂਦੇ ਹੁੰਦੇ ਸੀ। ਵਿਦਿਆਰਥਣਾਂ ਨੇ 1942 ਤੋਂ 1947 ਵਾਲੇ ਦੌਰ ਦੀਆਂ ਗੱਲਾਂ ਬਹੁਤ ਹੈਰਾਨੀ ਨਾਲ ਸੁਣੀਆਂ। ਸਕੂਲ ਦੀ ਪ੍ਰਿੰਸੀਪਲ ਜਤਿੰਦਰ ਕੌਰ ਤੇ ਅਧਿਆਪਕਾ ਕਮਲਦੀਪ ਕੌਰ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਖ਼ਾਤਰ ਤੇ ਸਕੂਲ ਦੀ ਭਲਾਈ ਲਈ 11 ਹਜ਼ਾਰ ਰੁਪਏ ਭੇਟ ਕਰਨ ਬਦਲੇ ਬੀਬੀ ਰਣਜੀਤ ਕੌਰ ਦਾ ਧੰਨਵਾਦ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਸ਼ਹਿਰ

View All