ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੁਲਾਈ
ਪੰਜਾਬ ਵਿੱਚੋਂ ਹਸਤ ਕਲਾਕਾਰਾਂ ਦੀ ਖੋਜ ਕਰਨ ਲਈ ‘ਰੰਗਲਾ ਪੰਜਾਬ’ ਤਹਿਤ ਨਿਕਲੇ ਵਿਸ਼ਵ ਰਿਕਾਰਡ ਧਾਰਕ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਅੱਜ ਲੁਧਿਆਣਾ ਪਹੁੰਚੇ। ਚੌਹਾਨ ਅੱਖਾਂ ਉਪਰ ਪੱਟੀ ਬੰਨ੍ਹ ਕੇ ਘਾਹ ਦੀਆਂ ਤੀਲੀਆਂ ਨਾਲ ਕਲਾਕਾਰੀ ਕਰਦੇ ਹਨ, ਜਿਨ੍ਹਾਂ ਦੇ ਨਾਂ ਕਈ ਵਿਸ਼ਵ ਰਿਕਾਰਡ ਦਰਜ ਹਨ। ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਉਸ ਨੂੰ ਪਸੰਦ ਕਰਦੇ ਹਨ। ‘ਰੰਗਲਾ ਪੰਜਾਬ’ ਤਹਿਤ ਚੌਹਾਨ ਪੂਰੇ ਪੰਜਾਬ ਵਿੱਚੋਂ ਅਜਿਹੇ ਕਲਾਕਾਰਾਂ ਨੂੰ ਲੱਭ ਰਿਹਾ ਹੈ ਜਿਹੜੇ ਹੋਰਨਾਂ ਨਾਲੋਂ ਕੁੱਝ ਵੱਖਰਾ ਕਰਦੇ ਹਨ। ਅਜਿਹੇ ਕਲਾਕਾਰ ਨੂੰ ਮਿਲ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਸੂਬਾ ਸਰਕਾਰ ਦੇ ਕੋਲ ਪਹੁੰਚਾਉਣ ਦੇ ਨਾਲ ਨਾਲ ਅਜਿਹੇ ਕਲਾਕਾਰਾਂ ਨੂੰ ਇੱਕਜੁਟ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਚੌਹਾਨ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਪਿਛਲੇ 3 ਦਹਾਕਿਆਂ ਤੋਂ ਬੰਦ ਪਏ ਦਸਤਕਾਰੀ ਇਨੋਵੇਸ਼ਨ ਸਟੇਟ ਐਵਾਰਡ ਨੂੰ ਇਸ ਸਾਲ ਤੋਂ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਚੌਹਾਨ ਅੱਜ ਲੁਧਿਆਣਾ ਵਿੱਚ ਕੱਪੜਾ ਪੇਂਟਿੰਗ ਕਲਾਕਾਰ ਡੇਜ਼ੀ ਦੀ ਕਲਾਕਾਰੀ ਦੇਖਣ ਪਹੁੰਚੇ। ਡੇਜ਼ੀ ਸਿਲਕ ਦੇ ਕੱਪੜੇ ’ਤੇ ਰੰਗਾਂ ਰਾਹੀਂ ਬਾਰੀਕ ਮਿਨਾਚਿਤਰਕਾਰੀ ਕਰਦੀ ਹੈ। ਮੁੱਖ ਤੌਰ ’ਤੇ ਅਜਿਹੀ ਕਲਾਕਾਰੀ ਦੁਪੱਟੇ, ਸੂਟ ਅਤੇ ਸ਼ਾਲ ਆਦਿ ’ਤੇ ਕੀਤੀ ਜਾਂਦੀ ਹੈ। ਚੌਹਾਨ ਨੇ ਡੇਜ਼ੀ ਦੀ ਕਲਾਕਾਰੀ ਦੀ ਸ਼ਲਾਘਾ ਕੀਤੀ।