ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਸਤੰਬਰ
ਇੱਥੋਂ ਦੇ ਟਿੱਬਾ ਰੋਡ ਦੀ ਗਰੇਵਾਲ ਕਲੋਨੀ ਇਲਾਕੇ ’ਚ ਰਹਿਣ ਵਾਲੀ ਇੱਕ ਵਿਆਹੁਤਾ ਆਪਣੇ ਪ੍ਰੇਮੀ ਦੇ ਨਾਲ ਫ਼ਰਾਰ ਹੋ ਗਈ, ਜੋ ਕਿ ਆਪਣੇ ਨਾਲ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਈ। ਥਾਣਾ ਟਿੱਬਾ ਦੀ ਪੁਲੀਸ ਨੇ ਮਹਿੰਦਰ ਸਿੰਘ ਦੀ ਸ਼ਿਕਾਇਤ ’ਤੇ ਏਕਤਾ ਕਲੋਨੀ ਵਾਸੀ ਬੋਧ ਰਾਜ, ਉਸਦੇ ਭਰਾ ਹੈਪੀ, ਹੈਪੀ ਦੀ ਪ੍ਰੇਮਿਕਾ ਮਮਤਾ ਅਤੇ ਉਨ੍ਹਾਂ ਦੇ 2 ਅਣਪਛਾਤੇ ਸਾਥੀਆਂ ਖਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ’ਚ ਛਾਪੇ ਸ਼ੁਰੂ ਕਰ ਦਿੱਤੇ ਹਨ। ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸਦਾ ਲੜਕਾ ਕੈਨੇਡਾ ’ਚ ਰਹਿੰਦਾ ਹੈ। 24 ਸਾਲ ਦੀ ਉਸਦੀ ਇੱਕ ਲੜਕੀ ਵੀ ਹੈ, ਜੋ ਕਿ 20 ਅਗਸਤ ਨੂੰ ਆਪਣੇ ਪੇਕੇ ਆਈ ਸੀ। ਉਸ ਤੋਂ 2 ਦਿਨ ਬਾਅਦ ਹੀ ਉਹ ਗਲੀ ’ਚ ਰਹਿਣ ਵਾਲੇ ਬੋਧਰਾਜ ਦੇ ਨਾਲ ਘਰ ਛੱਡ ਕੇ ਭੱਜ ਗਈ। ਉਸਦੀ ਲੜਕੀ ਪਿਛਲੇ ਦਿਨੀਂ ਘਰ ਦੀ ਅਲਮਾਰੀ ’ਚ ਪਈ ਸੋਨੇ ਦੀ ਚੇਨ, 2 ਸੋਨੇ ਦੀਆਂ ਅੰਗੂਠੀਆਂ, ਸੋਨੇ ਦੇ ਟਾਪਸ, ਚਾਂਦੀ ਦੀ ਪਾਇਲ ਦੀ ਜੋੜੀ ਤੇ 100 ਕੈਨੇਡੀਅਨ ਡਾਲਰ ਚੋਰੀ ਕਰਕੇ ਫ਼ਰਾਰ ਹੋ ਗਈ। ਬਲਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।