ਪੱਤਰ ਪ੍ਰੇਰਕ
ਰਾਏਕੋਟ, 15 ਫਰਵਰੀ
ਰਾਮਗੜ੍ਹੀਆ ਧੀਮਾਨ ਸਭਾ ਰਾਏਕੋਟ ਨੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਦੇ ਸਮਰਥਨ ਦਾ ਐਲਾਨ ਕੀਤਾ ਹੈ। ਸਭਾ ਨੇ ਇਹ ਐਲਾਨ ਸਥਾਨਕ ਬਾਬਾ ਵਿਸ਼ਵਕਰਮਾ ਭਵਨ ’ਚ ਬਰਾਦਰੀ ਦੀ ਸਹਿਮਤੀ ਤੋਂ ਬਾਅਦ ਲਿਆ, ਜਿਸ ਵਿੱਚ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੀ ਹਾਜ਼ਰ ਸਨ। ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਨੇ ਰਾਮਗੜ੍ਹੀਆ ਭਾਈਚਾਰੇ ਵਲੋਂ ਕਾਂਗਰਸ ਦਾ ਸਾਥ ਦੇਣ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਰਾਮਗੜ੍ਹੀਆ ਭਾਈਚਾਰੇ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ ਤੇ ਸਰਕਾਰ ਬਣਨ ਮਗਰੋਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।
ਸਾਹਨੇਵਾਲ ਨਗਰ ਕੌਂਸਲ ਦਾ ਦਾਇਰਾ ਵਧਾਉਣ ਦਾ ਵਾਅਦਾ
ਮਾਛੀਵਾੜਾ (ਪੱਤਰ ਪ੍ਰੇਰਕ): ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਸਿੰਘ ਬਾਜਵਾ ਵਲੋਂ ਅੱਜ ਸਾਹਨੇਵਾਲ ਸ਼ਹਿਰ ਵਿਚ ਚੋਣ ਸਭਾਵਾਂ ਮੌਕੇ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਨਗਰ ਕੌਂਸਲ ਸਾਹਨੇਵਾਲ ਦਾ ਦਾਇਰਾ ਵੱਡਾ ਕੀਤਾ ਜਾਵੇਗਾ ਤਾਂ ਜੋ ਨਵੀਆਂ ਕਾਲੋਨੀਆਂ ਜਿਨ੍ਹਾਂ ਵਿਚ ਸੜਕਾਂ, ਸਟਰੀਟ ਲਾਈਟਾਂ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਨਵਾਂ ਸੀਵਰੇਜ ਵੀ ਵਿਛਾਇਆ ਜਾਵੇਗਾ।