ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਅਗਸਤ
ਦਿੱਲੀ ਦੀਆਂ ਹੱਦਾਂ ’ਤੇ ਜਾਰੀ ਕਿਸਾਨ ਸੰਘਰਸ਼ ਅਤੇ ਕਿਸਾਨ ਸੰਸਦ ’ਚ ਹਾਜ਼ਰੀ ਵਧਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਇਲਾਕੇ ਦੇ ਤਿੰਨ ਵੱਡੇ ਪਿੰਡਾਂ ’ਚ ਰੈਲੀਆਂ ਹੋਈਆਂ। ਇਨ੍ਹਾਂ ਤਿੰਨਾਂ ਪਿੰਡਾਂ ’ਚ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਤੋਂ ਇਲਾਵਾ ਸਿੱਧਵਾਂ ਕਲਾਂ ਅਤੇ ਗੁਰੂਸਰ ਕਾਉਂਕੇ ਸ਼ਾਮਲ ਹਨ, ਜਿਥੇ ‘ਅਣਖ ਜਿਨ੍ਹਾਂ ਦੀ ਜਿਊਂਦੀ ਹੈ’ ਨਾਟਕ ਵੀ ਖੇਡਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕਿਸਾਨ ਸੰਘਰਸ਼ ਦੀ ਮਜ਼ਬੂਤੀ ਲਈ ਪਿੰਡਾਂ ’ਚ ਚਲਾਈ ਜਾ ਰਹੀ ਮੁਹਿੰਮ ਦੂਜੇ ਦਿਨ ਵੀ ਜਾਰੀ ਰਹੀ। ਪੀਪਲਜ਼ ਆਰਟ ਥੀਏਟਰ ਪਟਿਆਲਾ ਦੀ ਨਾਟਕ ਟੀਮ ਨੇ ਇਨ੍ਹਾਂ ਪਿੰਡਾਂ ’ਚ ਚਰਚਿਤ ਨਾਟਕ ਰਾਹੀਂ ਖੇਤੀ ਸਬੰਧੀ ਕਾਲੇ ਕਾਨੂੰਨ ਬਾਰੇ ਤਰਕ ਸਹਿਤ ਸੁਚੇਤ ਕੀਤਾ। ਨਾਟਕ ’ਚ ਕਾਰਪੋਰੇਟਾਂ ਰਾਹੀਂ ਮੰਡੀਆਂ ਖ਼ਤਮ ਕਰਨ ਉਪਰੰਤ ਸਮੁੱਚੀ ਪੈਦਾਵਾਰ ’ਤੇ ਕਬਜ਼ਾ ਕਰਨ ਦੀ ਨੀਤੀ ਅਤੇ ਨੀਅਤ ਬਾਰੇ ਵੀ ਦੱਸਿਆ ਗਿਆ। ਲੋਕ ਆਗੂ ਕੰਵਲਜੀਤ ਖੰਨਾ, ਗੁਰਪ੍ਰੀਤ ਸਿੰਘ ਸਿੱਧਵਾਂ, ਇੰਦਰਜੀਤ ਧਾਲੀਵਾਲ ਤੇ ਹੋਰਨਾਂ ਨੇ ਕਿਹਾ ਕਿ ਹਕੂਮਤ ਖ਼ਿਲਾਫ਼ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਸੰਘਰਸ਼ ਜਿੱਤੇ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜੀ ਨੀਤੀਆਂ ਨੇ ਦਲਾਲ ਹਕੂਮਤਾਂ ਨੂੰ ਖੇਤੀ ’ਚੋਂ 40 ਫ਼ੀਸਦੀ ਕਿਸਾਨਾਂ ਨੂੰ ਬਾਹਰ ਕੱਢਣ ਲਈ ਮਜਬੂਰ ਕੀਤਾ ਹੈ ਜਿਸ ਕਰਕੇ ਇਹ ਕਾਲੇ ਕਾਨੂੰਨ ਲਿਆਂਦੇ ਗਏ ਹਨ। ਖੇਤੀ ਯੋਗ ਜ਼ਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਇਹ ਨੀਤੀਆਂ ਲਿਆ ਕੇ ਕਿਸਾਨੀ ਨੂੰ ਗੁਲਾਮ ਤੇ ਘਸਿਆਰੇ ਬਣਾਉਣਾ ਹੈ। ਸੁਰਜੀਤ ਕਾਉਂਕੇ ਨੇ ਪਿੰਡਾਂ ’ਚੋਂ ਵੱਡੇ ਜਥੇ ਲੈ ਕੇ ਦਿੱਲੀ ਬਾਰਡਰਾਂ ’ਤੇ ਪੰਹੁਚਣ ਦਾ ਸੱਦਾ ਦਿੱਤਾ। ਉਨ੍ਹਾਂ ਔਰਤਾਂ ਨੂੰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ 24ਵੀਂ ਬਰਸੀ ਜਗਰਾਉਂ ਰੇਲਵੇ ਪਾਰਕ ਵਿੱਚ ਔਰਤ ਮੁਕਤੀ ਦੀ ਪਰਤੀਕ ਵਜੋਂ ਮਨਾਏ ਜਾਣ ਵਾਲੇ ਬਰਸੀ ਸਮਾਗਮ ’ਚ ਸ਼ਮੂਲੀਅਤ ਦੀ ਅਪੀਲ ਕੀਤੀ। ਇਸ ਸਮੇਂ ਗੁਰਚਰਨ ਸਿੰਘ ਗੁਰੂਸਰ, ਦਵਿੰਦਰ ਸਿੰਘ ਕਾਉਂਕੇ, ਕੁਲਦੀਪ ਸਿੰਘ ਕਾਉਂਕੇ, ਕੁੰਡਾ ਸਿੰਘ ਕਾਉਂਕੇ, ਸੁਖਜੀਤ ਸਿੰਘ ਸਿੱਧਵਾਂ, ਬਲਬੀਰ ਸਿੰਘ ਅਗਵਾੜ ਲੋਪੋ ਆਦਿ ਹਾਜ਼ਰ ਸਨ।