ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਗਸਤ
ਰੱਖੜੀ ਦੇ ਤਿਉਹਾਰ ਦੀ ਖੁਸ਼ੀ ਵਿੱਚ ਸੜਕਾਂ ’ਤੇ ਨਿਕਲੇ ਲੋਕਾਂ ’ਚ ਕਰੋਨਾ ਮਹਾਮਾਰੀ ਦਾ ਕੋਈ ਖੌਫ ਨਹੀਂ ਦਿਖਿਆ। ਬਹੁਤੇ ਲੋਕਾਂ ਨੇ ਤਾਂ ਕੋਵਿਡ-19 ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਅੱਜ ਗੱਡੀਆਂ ਦੀ ਇੰਨੀ ਭੀੜ ਸੀ ਕਿ ਲੋਕਾਂ ਨੂੰ ਕਈ-ਕਈ ਘੰਟੇ ਜਾਮ ਵਿੱਚ ਫਸੇ ਰਹਿਣਾ ਪਿਆ।
ਕਰੋਨਾ ਮਹਾਂਮਾਰੀ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਲੋਕ ਆਰਥਿਕ, ਮਾਨਸਿਕ ਅਤੇ ਜਾਨੀ ਨੁਕਸਾਨ ਝੱਲਦੇ ਆ ਰਹੇ ਹਨ। ਇਸ ਮਹਾਮਾਰੀ ਦੀ ਤੀਜੀ ਲਹਿਰ ਨੂੰ ਠੱਲ੍ਹ ਪਾਉਣ ਲਈ ਭਾਵੇਂ ਪ੍ਰਸ਼ਾਸਨ ਵੱਲੋਂ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਆਮ ਲੋਕ ਇਸ ਤੋਂ ਅਵੇਸਲੇ ਹੋ ਗਏ ਹਨ। ਇਸ ਦੀ ਝਲਕ ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਲੱਗੀ ਭੀੜ ਅਤੇ ਵਾਹਨਾਂ ਦੇ ਲੱਗੇ ਵੱਡੇ ਵੱਡੇ ਜਾਮ ਤੋਂ ਸੌਖਿਆਂ ਲਾਈ ਜਾ ਸਕਦੀ ਸੀ।
ਇੱਥੋਂ ਦੇ ਹੰਬੜਾਂ ਰੋਡ, ਸਮਰਾਲਾ ਚੌਕ, ਡਿਵੀਜ਼ਨ ਨੰਬਰ ਤਿੰਨ, ਘੁਮਾਰ ਮੰਡੀ, ਜੋਧੇਵਾਲ ਬਸਤੀ, ਫੀਲਡ ਗੰਜ, ਚੌੜਾ ਬਾਜ਼ਾਰ, ਰੇਲਵੇ ਸਟੇਸ਼ਨ, ਸਰਾਫਾ ਬਾਜ਼ਾਰ, ਦਰੇਸੀ ਮਾਰਕੀਟ, ਸ਼ਿਵਪੁਰੀ ਰੋਡ, ਸ਼ਿਵਾਜੀ ਨਗਰ ਆਦਿ ਥਾਵਾਂ ’ਤੇ ਅੱਜ ਵਾਹਨਾਂ ਅਤੇ ਪੈਦਲ ਲੋਕਾਂ ਦੀ ਭੀੜ ਆਮ ਦਿਨਾਂ ਤੋਂ ਵੀ ਕਈ ਗੁਣਾਂ ਵੱਧ ਰਹੀ। ਇਨ੍ਹਾਂ ਵਿੱਚੋਂ ਕਈ ਸੜਕਾਂ ’ਤੇ ਜਾਮ ਜ਼ਿਆਦਾ ਹੋਣ ਕਰਕੇ ਮਿੰਟਾਂ ਦਾ ਸਫਰ ਲੋਕਾਂ ਨੂੰ ਘੰਟਿਆਂ ਵਿੱਚ ਪੂਰਾ ਕਰਨਾ ਪਿਆ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਦੌਰਾਨ ਬਹੁਤੇ ਲੋਕਾਂ ਨੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਨਾ ਤਾਂ ਮਾਸਕ ਪਾਏ ਹੋਏ ਸਨ, ਨਾ ਹੀ ਆਪਸੀ ਦੂਰੀ ਦਾ ਖਿਆਲ ਰੱਖਿਆ ਜਾ ਰਿਹਾ ਸੀ।
ਇਸ ਦੌਰਾਨ ਲੋਕਾਂ ਨੇ ਟਰੈਫਿਕ ਨਿਯਮਾਂ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ। ਦੋ ਪਹੀਆ ਵਾਹਨਾਂ ’ਤੇ ਵੀ ਕਈ ਕਈ ਸਵਾਰੀਆਂ ਬੈਠੀਆਂ ਆਮ ਦੇਖੀਆਂ ਗਈਆਂ।