ਸਮਰਾਲਾ: ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦਾ ਰਵਾਇਤੀ ਸਿਆਸੀ ਪਾਰਟੀਆਂ ਨੇ ਘਾਣ ਕਰ ਦਿੱਤਾ ਹੈ। ਪੰਜਾਬ ਸਿਰ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ, ਇਸ ਕਰਕੇ ਸਾਡੀ ਜਵਾਨੀ ਨੂੰ ਆਪਣਾ ਭਵਿੱਖ ਖਤਰੇ ਵਿੱਚ ਜਾਪਦਾ ਹੈ। ਪੰਜਾਬ ਨੂੰ ਸਾਰੇ ਰਵਾਇਤੀ ਸਿਆਸੀ ਲੀਡਰ ਦੋਹੀਂ ਹੱਥੀਂ ਲੁੱਟਦੇ ਹਨ, ਕਿਸੇ ਨੂੰ ਲੋਕਾਂ ਦੀ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। ਰਵਾਇਤੀ ਪਾਰਟੀਆਂ ਵੋਟਾਂ ਨੂੰ ਖਰੀਦਣ, ਨਸ਼ੇ ਵੰਡਣ ਅਤੇ ਗੁੰਮਰਾਹ ਕਰਨ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮਾਹੌਲ ਬਦਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਹਨ੍ਹੇਰੀ ਦਾ ਰੂੁਪ ਬਣ ਜਾਵੇਗਾ। ਪਿੰਡਾਂ ਦੇ ਦੌਰੇ ਦੌਰਾਨ ਬੌਂਦਲ, ਦਿਆਲਪੁਰਾ, ਕੋਟਲਾ ਸ਼ਮਸ਼ਪੁਰ, ਕੋਟਾਲਾ, ਕਕਰਾਲਾ ਕਲਾਂ, ਕਕਰਾਲਾ ਖੁਰਦ, ਟੋਡਰਪੁਰ, ਸਿਹਾਲਾ ਅਤੇ ਗਹਿਲੇਵਾਲ ਵਿੱਚ ਥਾਂ ਥਾਂ ਲੋਕਾਂ ਨੇ ਵੱਡੇ ਇਕੱਠ ਕਰਕੇ ਰਾਜੇਵਾਲ ਅਤੇ ਉਨ੍ਹਾਂ ਦੀ ਟੀਮ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟੋਡਰਪੁਰ ਵਿੱਚ ਰਾਜੇਵਾਲ ਨੂੰ ਲੱਡੂਆਂ ਨਾਲ ਤੋਲਿਆ ਗਿਆ। ਸ੍ਰੀ ਰਾਜੇਵਾਲ ਨੇ ਕਿਹਾ ਕਿ ਉਹ ਭਲਕੇ ਕਾਗਜ਼ ਦਾਖਲ ਕਰਨਗੇ।