ਗਗਨਦੀਪ ਅਰੋੜਾ
ਲੁਧਿਆਣਾ, 30 ਅਪਰੈਲ
ਟਿਕਟ ਐਲਾਨਣ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇਰ ਰਾਤ ਲੁਧਿਆਣਾ ਦੇ ਕਾਂਗਰਸੀ ਆਗੂਆਂ ਦੇ ਘਰ ਪੁੱਜੇ। ਰਾਜਾ ਵੜਿੰਗ ਦੇਰ ਰਾਤ 11 ਵਜੇ ਲੁਧਿਆਣਾ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ, ਸਾਬਕਾ ਵਿਧਾਇਕ ਸੁਰਿੰਦਰ ਡਾਬਰ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਸਾਰਿਆਂ ਨਾਲ ਮੀਟਿੰਗ ਕੀਤੀ ਤੇ ਤਿਆਰੀ ਕਰਨ ਲਈ ਕਿਹਾ। ਉਧਰ, ਕਾਂਗਰਸੀਆਂ ਨੇ ਵੀ ਮਨ ਬਣਾ ਲਿਆ ਹੈ ਕਿ ਉਹ ਰਾਜਾ ਵੜਿੰਗ ਦਾ ਸਾਥ ਦੇਣਗੇ ਜਿਸ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵੀਰਵਾਰ ਨੂੰ ਰਾਜਾ ਵੜਿੰਗ ਲੁਧਿਆਣਾ ਆਉਣਗੇ, ਜਿਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਰਾਜਾ ਵੜਿੰਗ ਨੇ ਤਿੰਨਾਂ ਆਗੂਆਂ ਨਾਲ ਘਰ ਜਾ ਕੇ ਮੀਟਿੰਗ ਕੀਤੀ। ਇਸ ਦੌਰਾਨ ਰਾਜਾ ਵੜਿੰਗ ਨੂੰ ਜਾਣਕਾਰੀ ਮਿਲੀ ਸੀ ਕਿ ਟਿਕਟ ਨਾ ਮਿਲਣ ਕਰਕੇ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਨਾਰਾਜ਼ ਹਨ। ਰਾਜਾ ਵੜਿੰਗ ਨੇ ਆਸ਼ੂ ਤੇ ਉਨ੍ਹਾਂ ਦੇ ਸਮਰਥਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਆਸ਼ੂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਦੀ ਆਲਾ ਕਮਾਂਡ ਉਨ੍ਹਾਂ ਦੇ ਨਾਲ ਹਨ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੇ ਘਰ ਪੁੱਜੇ। ਸਾਬਕਾ ਵਿਧਾਇਕ ਡਾਬਰ ਨੇ ਦੱਸਿਆ ਕਿ ਰਾਜਾ ਵੜਿੰਗ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਨੂੰ ਆਪਣੀ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਸਾਬਕਾ ਵਿਧਾਇਕ ਸੰਜੈ ਤਲਵਾੜ ਦੇ ਘਰ ਮੀਟਿੰਗ ਕੀਤੀ।