ਸਤਵਿੰਦਰ ਬਸਰਾ
ਲੁਧਿਆਣਾ, 9 ਜਨਵਰੀ
ਸਮਾਰਟ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਸੜਕਾਂ ਦੀ ਹਾਲਤ ਖਸਤਾ ਕਰ ਦਿੱਤੀ ਹੈ। ਉਨ੍ਹਾਂ ਸੜਕਾਂ ਦੀ ਹਾਲਤ ਵੱਧ ਖਰਾਬ ਹੈ ਜਿਨ੍ਹਾਂ ਵਿੱਚ ਅਜੇ ਵਿਕਾਸ ਕਾਰਜ ਚੱਲ ਰਹੇ ਹਨ। ਹੁਣ ਚੋਣ ਜ਼ਾਬਤਾ ਲੱਗ ਜਾਣ ਕਾਰਨ ਇਨ੍ਹਾਂ ਵਿਕਾਸ ਕਾਰਜਾਂ ਦੇ ਪਛੜ ਜਾਣ ਦੀ ਵੀ ਸੰਭਾਵਨਾ ਬਣਦੀ ਜਾ ਰਹੀ ਹੈ।
ਬੀਤੇ ਮੰਗਲਵਾਰ ਤੋਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਸ਼ਨਿੱਚਰਵਾਰ ਤਾਂ ਇਸ ਮੀਂਹ ਨੇ ਵਿਕਰਾਲ ਰੂਪ ਧਾਰ ਲਿਆ ਸੀ। ਸ਼ਹਿਰ ਦੀ ਕੋਈ ਵੀ ਸੜਕ ਅਜਿਹੀ ਨਹੀਂ ਬਚੀ ਜਿੱਥੇ ਪਾਣੀ ਖੜ੍ਹਾ ਨਹੀਂ ਹੋਇਆ। ਇੱਥੋਂ ਦੇ ਹੈਬੋਵਾਲ, ਬੀਆਰਐੱਸ ਨਗਰ, ਤਾਜਪੁਰ ਰੋਡ, ਟ੍ਰਾਂਸਪੋਰਟ ਨਗਰ, ਮੋਤੀ ਨਗਰ, ਸ਼ਿੰਗਾਰ ਸਿਨੇਮਾ ਰੋਡ, ਪੁਲੀਸ ਕਲੋਨੀ, ਵਰਧਮਾਨ ਰੋਡ, ਸਰਾਭਾ ਨਗਰ ਸਮੇਤ ਹੋਰ ਕਈ ਸੜਕਾਂ ’ਤੇ ਪਏ ਟੋਇਆਂ ਕਰ ਕੇ ਲੋਕਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ।
ਇਨ੍ਹਾਂ ਵਿੱਚੋਂ ਕਈ ਸੜਕਾਂ ਤਾਂ ਅਜਿਹੀਆਂ ਹਨ, ਜਿੱਥੇ ਵੱਡੇ ਅਤੇ ਡੂੰਘੇ ਟੋਏ ਪੈ ਚੁੱਕੇ ਹਨ। ਐਤਵਾਰ ਭਾਵੇਂ ਕਈ ਵਾਰ ਸੂਰਜ ਨਿਕਲਿਆ ਪਰ ਜ਼ਿਆਦਾਤਰ ਬੱਦਲਵਾਈ ਰਹਿਣ ਅਤੇ ਕਿਤੇ ਕਿਤੇ ਕਿਣਮਿਣ ਹੋਣ ਨਾਲ ਠੰਢ ਤੋਂ ਕੋਈ ਰਾਹਤ ਨਾ ਮਿਲੀ। ਮੌਸਮ ਦੀ ਖਰਾਬੀ ਕਰਕੇ ਸੜਕਾਂ ’ਤੇ ਬਣੇ ਕਈ ਖੱਡਿਆਂ ਵਿੱਚ ਅੱਜ ਵੀ ਪਾਣੀ ਭਰਿਆ ਰਿਹਾ। ਰਾਤ ਸਮੇਂ ਇਹ ਟੋਏ ਦੋ ਪਹੀਆ ਚਾਲਕਾਂ ਲਈ ਵੱਡੀ ਮੁਸੀਬਤ ਬਣ ਰਹੇ ਹਨ। ਦੂਜੇ ਪਾਸੇ ਵਰਧਮਾਨ ਦੇ ਨਾਲ ਲੱਗਦੀ ਸੜਕ ’ਤੇ ਸੀਵਰਜ ਦਾ ਕੰਮ ਚੱਲਦਾ ਹੋਣ ਕਰਕੇ ਗੱਡੀਆਂ ਦੀ ਆਵਾਜਾਈ ਇੱਕ ਪਾਸਿਓਂ ਹੀ ਚੱਲ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਸੀਵਰੇਜ ਪਾਉਣ ਦਾ ਕੰਮ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ ਸੀ ਪਰ ਹੁਣ ਚੋਣ ਜ਼ਾਬਤਾ ਲੱਗ ਜਾਣ ਕਾਰਨ ਇਸ ਕੰਮ ਦੇ ਪੱਛੜ ਜਾਣ ਦੀ ਸੰਭਾਵਨਾ ਬਣ ਸਕਦੀ ਹੈ।
ਰਾਏਕੋਟ ਵਿੱਚ ਪਏ ਭਾਰੀ ਮੀਂਹ ਕਾਰਨ ਸੀਵਰੇਜ ਦੱਬਿਆ
ਰਾਏਕੋਟ(ਰਾਮ ਗੋਪਾਲ ਰਾਏਕੋਟੀ): ਇਥੇ ਬੀਤੇ ਦੋ ਦਿਨ ਤੋਂ ਹੋ ਰਹੀ ਬਰਸਾਤ ਕਾਰਨ ਸ਼ਹਿਰ ਦੀ ਪ੍ਰਮੁੱਖ ਸੜਕਾਂ ਬਰਨਾਲਾ-ਲੁਧਿਆਣਾ ਸੜਕ ਤੇ ਜਗਰਾਓਂ-ਰਾਏਕੋਟ ਸੜਕ ਦੇ ਨਾਲ-ਨਾਲ ਪਾਏ ਗਏ ਸੀਵਰੇਜ ਦੀ ਮਿੱਟੀ ਦਬ ਗਈ ਹੈ, ਜਿਸ ਕਾਰਨ ਡੂੰਘੇ ਟੋਏ ਹੋ ਗਏ ਹਨ। ਇਸੇ ਕਾਰਨ ਬੀਤੇ ਦਿਨ ਜਗਰਾਓਂ ਸੜਕ ’ਤੇ ਇਕ ਟਰੱਕ ਤੇ ਬੱਸ ਹਾਦਸਾ ਗ੍ਰਸਤ ਹੋ ਗਏ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਭਾਵੇਂ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਸਰਹਾਨਾ ਹੋ ਰਹੀ ਹੈ ਪਰ ਇਨ੍ਹਾਂ ਕੰਮਾਂ ਦੀ ਢਿੱਲੀ ਰਫ਼ਤਾਰ ਤੇ ਸਬੰਧਤ ਅਧਿਕਾਰੀਆਂ ਦੀ ਬੇਧਿਆਨੀ ਕਾਰਨ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਨਾਲਾ ਤੇ ਜਗਰਾਓਂ ਸੜਕ ’ਤੇ ਗੱਡੀਆਂ-ਮੋਟਰਾਂ ਦੀ ਤੇਜ਼ ਰਫ਼ਤਾਰ ਆਵਾਜਾਈ ਹੈ। ਬਰਸਾਤ ਕਾਰਨ ਜਿਨ੍ਹਾਂ ਥਾਵਾਂ ਤੋਂ ਸੜਕ ਨੁਕਸਾਨੀ ਗਈ ਹੈ ਉਸ ਥਾਂ ’ਤੇ ਨਾ ਤਾਂ ਕੋਈ ਚਿਤਾਵਨੀ ਬੋਰਡ ਆਦਿ ਲਗਾਏ ਗਏ ਤੇ ਨਾ ਹੀ ਹਾਦਸੇ ਤੋਂ ਬਚਣ ਲਈ ਕੋਈ ਰੋਕਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਸੀਵਰੇਜ ਦੀਆਂ ਇਹ ਦੱਬੀਆਂ ਸੜਕਾਂ ਰਾਤ ਸਮੇਂ ਹੋਰ ਵੀ ਖਤਰਨਾਕ ਸਾਬਤ ਹੋ ਸਕਦੀਆਂ ਹਨ। ਸ਼ਹਿਰ ਵਿੱਚ ਬਰਨਾਲਾ ਤੇ ਜਗਰਾਓਂ ਸੜਕ ਤੋਂ ਇਲਾਵਾ ਬਰਸਾਤ ਕਾਰਨ ਈਦ ਗਾਹ ਰੋਡ, ਮਹੁੱਲਾ ਕੁੱਲਾ ਪੱਤੀ ਅਤੇ ਮਲੇਰਕੋਟਲਾ ਰੋਡ, ਬੈਂਕ ਕਾਲੋਨੀ, ਪ੍ਰਫੈਸਰ ਕਾਲੋਨੀ, ਰਾਮਦਾਸ ਨਗਰ ਵਿੱਚ ਸੀਵਰੇਜ ਸਿਸਟਮ ਅਤੇ ਇੰਟਰਲਾਕ ਟਾਇਲਾਂ ਲਾਉਣ ਲਈ ਪੁੱਟੀਆਂ ਸੜਕਾਂ ’ਤੇ ਹੋਏ ਚਿੱਕੜ ਕਾਰਨ ਲੋਕ ਭਾਰੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਕਿ ਇਹਨਾਂ ਥਾਵਾਂ ਨੂੰ ਸਾਂਵਾ ਕਰਨ ਲਈ ਕੋਈ ਵੀ ਬਦਲਵੇਂ ਪ੍ਰਬੰਧ ਨਹੀਂ ਕੀਤੇ ਜਾ ਰਹੇ। ਜਦੋਂ ਇਸ ਸਬੰਧੀ ਐੱਸਡੀਓ ਸੀਵਰੇਜ ਬੋਰਡ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਨਗਰ ਕੌਂਸਲ ਰਾਏਕੋਟ ਦੇ ਈਓ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੂੰ ਠੀਕ ਕਰਨ ਲਈ ਕੰਮ ਚੱਲ ਰਿਹਾ ਹੈ ਤੇ ਇਸ ਨੂੰ ਜਲਦੀ ਠੀਕ ਕਰ ਦਿੱਤਾ ਜਾਵੇਗਾ।