ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਅਪਰੈਲ
ਇੱਥੇ ਬਾਅਦ ਦੁਪਹਿਰ ਅਚਨਚੇਤ ਪਏ ਮੀਂਹ ਅਤੇ ਗੜਿਆਂ ਨੇ ਹਾੜ੍ਹੀ ਦੇ ਸੀਜ਼ਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਜਿੱਥੇ ਮੰਡੀਆਂ ’ਚ ਕਣਕ ਭਿੱਜ ਗਈ, ਉਥੇ ਹੀ ਖੇਡਾਂ ’ਚ ਵਾਢੀ ਦਾ ਕੰਮ ਵੀ ਰੁਕ ਗਿਆ। ਹਾੜ੍ਹੀ ਦਾ ਸੀਜ਼ਨ ਜੋਬਨ ’ਤੇ ਹੋਣ ਸਮੇਂ ਪਏ ਮੀਂਹ ਨੇ ਵਾਢੀ ਤੇ ਖਰੀਦ ਦੋਹਾਂ ਨੂੰ ਬ੍ਰੇਕਾਂ ਲਗਾ ਦਿੱਤੀਆਂ ਹਨ। ਉਪਰੋਂ ਅਗਲੇ ਦੋ ਦਿਨਾਂ ’ਚ ਮੀਂਹ ਦੀ ਪੇਸ਼ੀਨਗੋਈ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਏਸ਼ੀਆ ਦੀ ਦੂਜੀ ਵੱਡੀ ਮੰਡੀ ’ਚ ਮੀਂਹ ਦੌਰਾਨ ਅੱਜ ਕਿਸਾਨ, ਮਜ਼ਦੂਰ ਤੇ ਆੜ੍ਹਤੀ ਤਰਪਾਲਾਂ ਨਾਲ ਕਣਕ ਢੱਕਣ ’ਚ ਰੁੱਝੇ ਰਹੇ। ਸਥਾਨਕ ਮੁੱਖ ਮੰਡੀ ਤੋਂ ਇਲਾਵਾ ਇਲਾਕੇ ਦੀਆਂ ਦਿਹਾਤੀ ਅਤੇ ਕਸਬਾ ਸਿੱਧਵਾਂ ਬੇਟ ਦੀ ਮੰਡੀ ’ਚ ਵੀ ਲੱਖਾਂ ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ। ਕਿਸਾਨ ਕਰਮ ਸਿੰਘ, ਗੁਰਬਖਸ਼ ਸਿੰਘ, ਅਮਰਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਕਾਫੀ ਮਾਤਰਾ ’ਚ ਕਣਕ ਮੰਡੀਆਂ ’ਚ ਸੁੱਟੀ ਹੈ ਜਦਕਿ ਬਾਕੀ ਫ਼ਸਲ ਦੀ ਕਟਾਈ ’ਚ ਰੁੱਝੇ ਹੋਏ ਹਨ। ਅੱਜ ਸਵੇਰ ਤੋਂ ਵੀ ਉਹ ਖੇਤਾਂ ’ਚ ਵਾਢੀ ਕਰ ਰਹੇ ਸਨ ਪਰ ਅਜਿਹੇ ’ਚ ਅਚਾਨਕ ਬੱਦਲ ਹੋਇਆ ਅਤੇ ਤੇਜ਼ ਮੀਂਹ ਆ ਗਿਆ। ਇਸ ਨਾਲ ਜਿੱਥੇ ਉਨ੍ਹਾਂ ਦੀ ਮੰਡੀਆਂ ’ਚ ਪਈ ਕਣਕ ਭਿੱਜ ਗਈ, ਉਥੇ ਹੀ ਕਣਕ ਦੀ ਵਾਢੀ ਵੀ ਰੁਕ ਗਈ। ਮੀਂਹ ਦੇ ਨਾਲ ਹੀ ਕੁਝ ਸਮੇਂ ਲਈ ਗੜੇ ਵੀ ਪਏ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਤਾਰ ਸਿੰਘ ਦੇਹੜਕਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਨੇ ਮੌਸਮ ਦੇ ਖਰਾਬੇ ਅਤੇ ਗੜੇਮਾਰੀ ਨਾਲ ਪਹਿਲਾਂ ਨੁਕਸਾਨੀਆਂ ਦਾ ਮੁਆਵਜ਼ਾ ਅੱਜ ਤਕ ਨਹੀਂ ਦਿੱਤਾ। ਹੁਣ ਵੀ ਜੇਕਰ ਅਗਲੇ ਦਿਨਾਂ ’ਚ ਮੌਸਮ ਦੇ ਖਰਾਬੇ ਨਾਲ ਫ਼ਸਲਾਂ ਨੁਕਸਾਨੀਆਂ ਜਾਂਦੀਆਂ ਹਨ ਤਾਂ ਸਰਕਾਰ ਨੂੰ ਇਸ ਦੀ ਭਪਰਾਈ ਕਰਨੀ ਚਾਹੀਦੀ ਹੈ। ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਹੈ, ਉਪਰੋਂ ਮੌਸਮ ਦੀ ਮਾਰ ਕੱਖੋਂ ਹੌਲਾ ਕਰ ਰਹੀ ਹੈ। ਇਸੇ ਦੌਰਾਨ ਅੱਜ ਮੀਂਹ ਤੋਂ ਪਹਿਲਾਂ ਚੱਲੀ ਹਨੇਰੀ ਨੇ ਵੀ ਕਿਸਾਨਾਂ ਲਈ ਭਾਰੀ ਪ੍ਰੇਸ਼ਾਨੀ ਪੈਦਾ ਕਰੀ ਰੱਖੀ। ਤੇਜ਼ ਹਨੇਰੀ ਨਾਲ ਵੀ ਵਾਢੀ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਅਤੇ ਅਜਿਹੇ ’ਚ ਕਣਕ ਨੂੰ ਅੱਗ ਲੱਗਣ ਦੇ ਨਾਲ ਨਾਲ ਤੇਜ਼ੀ ਨਾਲ ਅੱਗ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅੱਜ ਜ਼ਿਲ੍ਹੇ ਅੰਦਰ ਬਹੁਤ ਘੱਟ ਮੀਂਹ ਪਿਆ ਹੈ ਪਰ ਉਨ੍ਹਾਂ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ ਦੋ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਇੱਥੋਂ ਦੀ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਜ਼ੋਰਾਂ ’ਤੇ ਚੱਲ ਰਹੀ ਹੈ ਅਤੇ ਦੂਸਰੇ ਪਾਸੇ ਖੇਤਾਂ ਵਿਚ ਵੀ ਕਣਕ ਦੀ ਫ਼ਸਲ ਪੱਕ ਕੇ ਤਿਆਰ ਖੜ੍ਹੀ ਹੈ, ਪਰ ਅੱਜ ਬਾਅਦ ਦੁਪਹਿਰ ਅਸਮਾਨ ’ਤੇ ਛਾਈਆਂ ਕਾਲੀਆਂ ਘਟਾਵਾਂ ਅਤੇ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ ਰੱਖੇ। ਮਾਛੀਵਾੜਾ ਇਲਾਕੇ ਵਿਚ ਬੇਸ਼ੱਕ ਕੁਝ ਮਿੰਟ ਹੀ ਮੀਂਹ ਪਿਆ ਪਰ ਇਸ ਨਾਲ ਮੰਡੀ ਵਿਚ ਪਈ ਵਿਕਣ ਆਈ ਕਣਕ ਦੀ ਫਸਲ ਤੇ ਬੋਰੀਆਂ ਭਿੱਜ ਗਈਆਂ। ਇਸ ਤੋਂ ਇਲਾਵਾ ਮੀਂਹ ਕਾਰਨ ਫੜ੍ਹ ’ਤੇ ਖੜ੍ਹੇ ਪਾਣੀ ਨੂੰ ਕੱਢਣ ਲਈ ਮਜ਼ਦੂਰਾਂ ਨੂੰ ਮਸ਼ਕੱਤ ਕਰਨੀ ਪਈ। ਜਾਣਕਾਰੀ ਅਨੁਸਾਰ ਮਾਛੀਵਾੜਾ ਅਨਾਜ ਮੰਡੀ ਵਿਚ ਖਰੀਦ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚੱਲ ਰਿਹਾ ਸੀ ਜਿਸ ਨੂੰ ਅੱਜ ਦੇ ਮੀਂਹ ਨੇ ਠੱਪ ਕਰਕੇ ਰੱਖ ਦਿੱਤਾ। ਮੀਂਹ ਕਾਰਨ ਵਿਕਣ ਆਈ ਫਸਲ ਵਿਚ ਨਮੀ ਦੀ ਮਾਤਰਾ ਵਧ ਜਾਣ ਕਾਰਨ ਖਰੀਦ ਏਜੰਸੀਆਂ ਨੇ ਕੰਮ ਬੰਦ ਰੱਖਿਆ।
ਇਸ ਦੌਰਾਨ ਖਰੀਦ ਕਰ ਰਹੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਭਲਕੇ ਮੌਸਮ ਸਾਫ਼ ਰਿਹਾ ਤਾਂ ਮੁੜ ਖਰੀਦ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਜਾਵੇਗੀ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਇੱਥੇ ਹਲਕੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਅੱਜ ਖੇਤਰ ਵਿੱਚ ਕਣਕ ਦੀ ਵਾਢੀ ਬਾਅਦ ਦੁਪਹਿਰ ਪ੍ਰਭਾਵਿਤ ਰਹੀ, ਪਰ ਇਸ ਤੋਂ ਪਹਿਲਾਂ ਮੌਸਮ ਦੀ ਖਰਾਬੀ ਨੂੰ ਦੇਖਦਿਆਂ ਏਸ਼ੀਆ ਦੀ ਵੱਡੀ ਮੰਡੀ ਵਿੱਚ ਆੜ੍ਹਤੀਆਂ ਅਤੇ ਪ੍ਰਸ਼ਾਸਨ ਨੇ ਵਿਕਣ ਲਈ ਆਈ ਕਣਕ ਦੀ ਫ਼ਸਲ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਸੀ, ਇਸੇ ਤਰ੍ਹਾਂ ਵਧੇਰੇ ਫ਼ਸਲ ਮੰਡੀਆਂ ਵਿੱਚ ਬਣੇ ਸ਼ੈੱਡਾਂ ਹੇਠਾਂ ਹੋਣ ਕਰਕੇ ਬਚਾਅ ਰਿਹਾ ਅਤੇ ਮੀਂਹ ਦਾ ਪਾਣੀ ਹੇਠਲੇ ਹਿੱਸਿਆਂ ਤਕ ਹੀ ਸੀਮਤ ਰਿਹਾ।