ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਫਰਵਰੀ
ਬੇਮੌਸਮੀ ਬਾਰਿਸ਼ ਨਾਲ ਖ਼ਰਾਬ ਹੋਈ ਹਜ਼ਾਰਾਂ ਏਕੜ ਆਲੂਆਂ ਦੀ ਫ਼ਸਲ ਬਾਰੇ ਗਿਰਦਾਵਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਕੱਲ੍ਹ ਡਿਪਟੀ ਕਮਿਸ਼ਨ ਲੁਧਿਆਣਾ ਨੇ ਇਹ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕੀਤੇ ਸਨ। ਅੱਜ ਇਥੋਂ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਕਾਨੂੰਨਗੋ ਤੇ ਪਟਵਾਰੀਆਂ ਨੂੰ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਗਿਰਦਾਵਰੀ ਲਈ ਭੇਜਿਆ। ਗਿਰਦਾਵਰੀ ਮੁਕੰਮਲ ਹੋਣ ’ਤੇ ਆਲੂਆਂ ਤੋਂ ਇਲਾਵਾ ਸਬਜ਼ੀਆਂ ਤੇ ਕਣਕ ਦੀ ਫ਼ਸਲ ਹੋਏ ਨੁਕਸਾਨ ਦਾ ਸਹੀ ਅਨੁਮਾਨ ਲੱਗ ਸਕੇਗਾ।
ਜਾਣਕਾਰੀ ਅਨੁਸਾਰ ਅਧਿਕਾਰੀਆਂ ਦੀ ਟੀਮ ਮਲਕ, ਚੀਮਨਾ, ਫਤਿਹਗੜ੍ਹ ਸਿਵੀਆਂ, ਸ਼ੇਰਪੁਰ ਕਲਾਂ, ਮੀਰਪੁਰ ਹਾਂਸ, ਬੀੜ ਗਗੜਾ ਆਦਿ ਪਿੰਡਾਂ ’ਚ ਪਹੁੰਚੀ। ਇਸ ਸਮੇਂ ਆਲੂ ਲਾਉਣ ਵਾਲੇ ਕਿਸਾਨਾਂ ਨੇ ਟੀਮ ਨੂੰ ਮੀਂਹ ਨਾਲ ਖ਼ਰਾਬ ਹੋਇਆ ਆਲੂ ਦਿਖਾਉਂਦੇ ਹੋਏ ਮੁਆਵਜ਼ੇ ਦੀ ਮੰਗ ਕੀਤੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਸਕੱਤਰ ਇੰਦਰਜੀਤ ਧਾਲੀਵਾਲ ਨੇ ਕਿਹਾ ਕਿ ਮੀਂਹ ਨਾਲ ਆਲੂ ਦਾ ਵੱਧ ਨੁਕਸਾਨ ਅਖਾੜਾ ਤੋਂ ਲੈ ਕੇ ਹਠੂਰ ਵਾਲੀ ਬੈਲਟ ’ਚ ਹੋਇਆ ਹੈ। ਇਸ ਲਈ ਪ੍ਰਸ਼ਾਸਨ ਅਖਾੜਾ, ਭੰਮੀਪੁਰਾ, ਮਾਣੂੰਕੇ, ਮੱਲ੍ਹਾ, ਲੱਖਾ, ਚਕਰ ਆਦਿ ਪਿੰਡਾਂ ’ਚ ਗਿਰਦਾਵਰੀ ਕਰਵਾਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਛੇ ਸੱਤ ਪਿੰਡਾਂ ’ਚ ਹੀ ਹਜ਼ਾਰਾਂ ਏਕੜ ਆਲੂ ਦੀ ਫ਼ਸਲ ਬਰਬਾਦ ਹੋਈ ਹੈ ਤੇ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਕਿਸਾਨ ਆਗੂ ਦਵਿੰਦਰ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਸਿੱਧਵਾਂ, ਤਰਸੇਮ ਸਿੰਘ ਬੱਸੂਵਾਲ ਤੇ ਜਗਤਾਰ ਸਿੰਘ ਦੇਹੜਕਾ ਨੇ ਪਿੰਡ ਮੱਲ੍ਹਾ ਦੀ ਮੁਰੱਬਾਬੰਦੀ ਨਾ ਹੋਣ ਕਾਰਨ ਗਿਰਦਾਵਰੀ ਦੇ ਅਮਲ ਸਬੰਧੀ ਦਿੱਕਤ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਧਿਆਨ ’ਚ ਲਿਆਂਦੀ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਗੁਰਪ੍ਰੀਤ ਸਿੰਘ ਜਗਰਾਉਂ ਦੇ ਪਰਿਵਾਰ ਨੂੰ ਅਜੇ ਤੱਕ ਪੰਜ ਲੱਖ ਰੁਪਏ ਦਾ ਮੁਆਵਜ਼ਾ ਨਾ ਮਿਲਣ ਅਤੇ ਬਾਕੀ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਅਜੇ ਤੱਕ ਨੌਕਰੀ ਨਾ ਮਿਲਣ ਸਬੰਧੀ ਵੀ ਰੋਸ ਜ਼ਾਹਿਰ ਕੀਤਾ।
ਸਾਰੇ ਪਿੰਡਾਂ ’ਚ ਗਿਰਦਾਵਰੀ ਹੋਵੇਗੀ: ਕੌਸ਼ਿਕ
ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਕਿਹਾ ਕਿ ਅਧਿਕਾਰੀਆਂ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਗਿਰਦਾਵਰੀ ਦਾ ਇਹ ਪਹਿਲਾ ਦਿਨ ਸੀ ਜਿਸ ਕਰ ਕੇ ਕਿਸਾਨ ਚਿੰਤਾ ਨਾ ਕਰਨ ਅਗਲੇ ਦਿਨਾਂ ’ਚ ਬਾਕੀ ਰਹਿੰਦੇ ਪਿੰਡਾਂ ’ਚ ਵੀ ਅਧਿਕਾਰੀ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਪੂਰੀ ਰਿਪੋਰਟ ਬਣਾ ਕੇ ਡੀਸੀ ਨੂੰ ਭੇਜੀ ਜਾਵੇਗੀ ਅਤੇ ਉਸ ਤੋਂ ਬਾਅਦ ਉੱਚ ਅਧਿਕਾਰੀ ਹੀ ਮੁਆਵਜ਼ੇ ਬਾਰੇ ਫ਼ੈਸਲਾ ਲੈਣਗੇ।