ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੁਲਾਈ
ਸਨਅਤੀ ਸ਼ਹਿਰ ਵਿੱਚ ਕਈ ਦਿਨਾਂ ਮਗਰੋਂ ਆਖ਼ਰਕਾਰ ਮੀਂਹ ਪਇਆ ਹੈ, ਜਿਸ ਤੋਂ ਬਾਅਦ ਤਪਦੀ ਗਰਮੀ ਝੱਲ ਰਹੇ ਲੋਕਾਂ ਨੂੰ ਕੁਝ ਰਾਹਤ ਮਿਲੀ ਅਤੇ ਮੌਸਮ ਖੁਸ਼ਮਿਜਾਜ਼ ਹੋ ਗਿਆ। ਦੁਪਹਿਰ ਸਾਢੇ ਤਿੰਨ ਵਜੇ ਅਚਾਨਕ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲੀਆਂ ਤੇ ਉਸ ਤੋਂ ਬਾਅਦ ਮੀਂਹ ਪੈ ਗਿਆ।
ਹਾਲਾਂਕਿ ਸ਼ਹਿਰ ਵਿੱਚ ਕਈ ਥਾਵਾਂ ’ਤੇ ਬਾਰਿਸ਼ ਨਹੀਂ ਵੀ ਹੋਈ।
ਸ਼ਨਿੱਚਰਵਾਰ ਨੂੰ ਸਵੇਰੇ ਤਪਦੀ ਗਰਮੀ ਸੀ ਪਰ ਉਸ ਤੋਂ ਬਾਅਦ ਦੇਰ ਦੁਪਹਿਰ ਕਾਲੇ ਬੱਦਲ ਛਾ ਗਏ, ਜਿਸ ਮਗਰੋਂ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਅੱਜ ਦਿਨ ਵੇਲੇ ਪਾਰਾ 40 ਡਿਗਰੀ ਤੱਕ ਰਿਹਾ, ਜਿਸ ਤੋਂ ਬਾਅਦ ਮੀਂਹ ਪੈਣ ਨਾਲ ਇਲਾਕਾ ਵਾਸੀਆਂ ਨੂੰ ਕੁਝ ਰਾਹਤ ਮਹਿਸੂਸ ਹੋਈ। ਉਧਰ, ਮੌਸਮ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਤਵਾਰ ਤੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੇ ਆਸਾਰ ਹਨ।