ਰਾਮ ਗੋਪਾਲ ਰਾਏਕੋਟੀ
ਰਾਏਕੋਟ, 5 ਨਵੰਬਰ
ਸਥਾਨਕ ਬਿਜਲੀ ਘਰ ਵਿੱਚ ਸਥਿਤ ਬਿਜਲੀ ਗਰਿੱਡ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਕਾਰੀ ਛੁੱਟੀ ਹੋਣ ਕਾਰਨ ਦਫਤਰ ਬੰਦ ਸਨ ਪ੍ਰੰਤੂ ਮੌਕੇ ’ਤੇ ਪੁੱਜੇ ਅਧਿਕਾਰੀ ਕੁਲਦੀਪ ਕੁਮਾਰ ਨੇ ਦੱਸਿਆ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਟੀਮਾਂ ਸਿਰਫ ਅੱਗ ’ਤੇ ਕਾਬੂ ਪਾਉਣ ਵਿੱਚ ਰੁੱਝੀਆਂ ਰਹੀਆਂ। ਉਨ੍ਹਾਂ ਦੱਸਿਆ ਕਿ ਉਚ ਅਧਿਕਾਰੀਆਂ ਦੇ ਪੂਰਾ ਮਾਮਲਾ ਧਿਆਨ ਵਿੱਚ ਲਿਆ ਦਿੱਤਾ ਹੈ। ਸ਼ਹਿਰ ਦੀ ਨੇੜੇ ਅਬਾਦੀ ਹੋਣ ਕਾਰਨ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕੋ ਜਗ੍ਹਾ ਵਿੱਚ ਦੋ ਵੱਖ-ਵੱਖ ਟਰਾਂਸਫਾਰਮਰ ਸਥਾਪਤ ਹਨ ਪ੍ਰੰਤੂ ਇੱਕ ਟਰਾਂਸਫਾਰਮਰ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਹਾਲੇ ਬਿਜਲੀ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ, ਉਸ ਲਈ ਟੈਕਨੀਕਲ ਸਟਾਫ ਨੂੰ ਬੁਲਾਇਆ ਗਿਆ ਹੈ। ਖਬਰ ਲਿਖੇ ਜਾਣ ਤੱਕ ਏਅਰ ਫੋਰਸ ਸਟੇਸ਼ਨ ਹਲਵਾਰਾ, ਜਗਰਾਉਂ ਤੇ ਰਾਏਕੋਟ ਦੀਆਂ ਅੱਗ ਬੁਝਾਊ ਗੱਡੀਆਂ ਦੇ ਮੁਲਾਜ਼ਮ ਮੁਸਤੈਦੀ ਨਾਲ ਅੱਗ ‘ਤੇ ਕਾਬੂ ਪਾਉਣ ‘ਚ ਜੁੱਟੇ ਹੋਏ ਸਨ।