ਸੰਤੋਖ ਗਿੱਲ
ਰਾਏਕੋਟ, 3 ਅਗਸਤ
ਸਾਲ 1992 ਤੋਂ ਬਾਅਦ ਦੂਜੀ ਵਾਰ ਸੱਤਾਧਾਰੀ ਧਿਰ ਦਾ ਵਿਧਾਇਕ ਚੁਣ ਕੇ ਕਰੀਬ 30 ਸਾਲ ਬਾਅਦ ਵਿਧਾਨ ਸਭਾ ਹਲਕਾ ਰਾਏਕੋਟ ਦੇ ਵੋਟਰਾਂ ਨੇ ਇਤਿਹਾਸ ਤਾਂ ਬਦਲ ਦਿੱਤਾ ਪਰ ਹਲਕਾ ਵਾਸੀਆਂ ਦੀ ਹੋਣੀ ਨਾ ਬਦਲ ਸਕੀ। ਸਰਕਾਰ-ਏ-ਦਰਬਾਰੇ ਉਨ੍ਹਾਂ ਨੂੰ ਅੱਜ ਵੀ ਧੱਕੇ ਹੀ ਨਸੀਬ ਹੋ ਰਹੇ ਹਨ। ਨਗਰ ਕੌਂਸਲ ਰਾਏਕੋਟ ਦੇ ਸਾਰੇ ਪ੍ਰਮੁੱਖ ਅਧਿਕਾਰੀ ਸਮੇਤ ਕਾਰਜਸਾਧਕ ਅਫ਼ਸਰ ਬਦਲ ਜਾਣ ਬਾਅਦ ਆਮ ਲੋਕ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਕਾਰਜਸਾਧਕ ਅਫ਼ਸਰ ਅਮਰਇੰਦਰ ਸਿੰਘ ਦੀ ਬਦਲੀ ਹੋਣ ਬਾਅਦ ਨਗਰ ਪੰਚਾਇਤ ਮੁੱਲਾਂਪੁਰ ਦਾਖਾ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ 19 ਜੁਲਾਈ ਨੂੰ ਇੱਥੋਂ ਦਾ ਕਾਰਜਭਾਰ ਤਾਂ ਸੰਭਾਲ ਲਿਆ ਪਰ ਦੋ ਹਫ਼ਤੇ ਤੋਂ ਉਨ੍ਹਾਂ ਦੇ ਦਫ਼ਤਰ ਬਾਹਰ ਤਾਲਾ ਹੀ ਲਟਕ ਰਿਹਾ ਹੈ। ਨਤੀਜੇ ਵਜੋਂ ਇਤਰਾਜ਼ਹੀਣਤਾ ਸਰਟੀਫਿਕੇਟ ਤੋਂ ਇਲਾਵਾ ਜਨਮ-ਮੌਤ ਦੇ ਸਰਟੀਫਿਕੇਟ ਹਾਸਲ ਕਰਨ ਲਈ ਸ਼ਹਿਰ ਵਾਸੀ ਬੁਰੀ ਤਰ੍ਹਾਂ ਖ਼ੱਜਲ਼-ਖ਼ੁਆਰ ਹੋ ਰਹੇ ਹਨ।
ਨਗਰ ਕੌਂਸਲ ਰਾਏਕੋਟ ਦੇ ਮਿਉਂਸਿਪਲ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਵੀ ਖ਼ਾਲੀ ਪਈਆਂ ਹਨ ਅਤੇ ਇਨ੍ਹਾਂ ਦਾ ਕੰਮਕਾਰ ਵੀ ਦੂਜੇ ਸ਼ਹਿਰਾਂ ਦੇ ਅਧਿਕਾਰੀਆਂ ਨੂੰ ਵਾਧੂ ਚਾਰਜ ਵਜੋਂ ਦਿੱਤਾ ਗਿਆ ਹੈ। ਨਗਰ ਕੌਂਸਲ ਦੇ ਤਿੰਨ ਪ੍ਰਮੁੱਖ ਅਹੁਦੇ ਖ਼ਾਲੀ ਹੋਣ ਕਾਰਨ ਇਤਰਾਜ਼ਹੀਣਤਾ ਸਰਟੀਫਿਕੇਟ, ਨਕਸ਼ੇ ਪਾਸ ਕਰਾਉਣ ਅਤੇ ਜਨਮ-ਮੌਤ ਸਰਟੀਫਿਕੇਟ ਲੈਣ ਲਈ ਲੋਕਾਂ ਦੀ ਖ਼ੱਜਲ-ਖ਼ੁਆਰੀ ਵਧ ਗਈ ਹੈ। ਕੌਂਸਲ ਦੇ ਸੁਪਰਡੈਂਟ ਗਗਨ ਉੱਪਲ ਨੇ ਪੁਸ਼ਟੀ ਕੀਤੀ ਹੈ ਕਿ ਹਾਲੇ ਤੱਕ ਕਾਰਜਸਾਧਕ ਅਫ਼ਸਰ ਦੀ ਬਾਇਓ-ਮੈਟਰਿਕ ਆਈਡੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਨਗਰ ਕੌਂਸਲ ਦੇ ਬਿੱਲਾਂ ਦੀ ਅਦਾਇਗੀ ਤੋਂ ਇਲਾਵਾ ਰੋਜ਼ਮਰ੍ਹਾ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਮਿਉਂਸਿਪਲ ਇੰਜੀਨੀਅਰ ਕੋਲ ਰਾਏਕੋਟ ਸਮੇਤ 10 ਨਗਰ ਕੌਂਸਲਾਂ ਦਾ ਕਾਰਜਭਾਰ ਹੈ ਅਤੇ ਉਹ ਕਦੇ-ਕਦਾਈਂ ਹੀ ਗੇੜਾ ਮਾਰਦੇ ਹਨ, ਜਦਕਿ ਜੂਨੀਅਰ ਇੰਜੀਨੀਅਰ ਕੋਲ ਵੀ ਤਿੰਨ ਨਗਰ ਕੌਂਸਲਾਂ ਦਾ ਕਾਰਜ ਭਾਰ ਹੈ। ਪ੍ਰਧਾਨ ਸੁਦਰਸ਼ਨ ਜੋਸ਼ੀ ਨੇ ਦੱਸਿਆ ਕਿ ਛੋਟੇ-ਮੋਟੇ ਕੰਮਾਂ ਲਈ ਵੀ ਨਗਰ ਕੌਂਸਲ ਰਾਏਕੋਟ ਦੇ ਕਰਮਚਾਰੀ ਫਾਈਲਾਂ ਚੁੱਕ ਕੇ ਇਨ੍ਹਾਂ ਅਧਿਕਾਰੀਆਂ ਦੇ ਦਸਤਖ਼ਤ ਕਰਾਉਣ ਲਈ ਮੁੱਲਾਂਪੁਰ ਅਤੇ ਜਗਰਾਉਂ ਸਮੇਤ ਹੋਰ ਸ਼ਹਿਰਾਂ ਦੇ ਗੇੜੇ ਲਾਉਣ ਲਈ ਮਜਬੂਰ ਹਨ।