ਰਾਮ ਗੋਪਾਲ ਰਾਏਕੋਟੀ
ਰਾਏਕੋਟ, 15 ਮਈ
ਇਥੇ ਸ਼ਾਨਦਾਰ ਇਮਾਰਤ ਵਿੱਚ 30 ਬਿਸਤਰਿਆਂ ਦਾ ਸਿਵਲ ਹਸਪਤਾਲ ਬਣਿਆ ਹੋਇਆ ਹੈ। ਜਿਥੇ ਯੋਗ ਡਾਕਟਰ ਤੇ ਮਿਹਨਤੀ ਸਟਾਫ ਮੌਜੂਦ ਹੈ ਤੇ ਸ਼ਹਿਰੀਆਂ ਨੂੰ ਉਹ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਪਰ ਕਰੋਨਾ ਦੌਰਾਨ ਰਾਏਕੋਟ ਹਸਪਤਾਲ ਵਿੱਚ ਗੰਭੀਰ ਮਰੀਜ਼ਾਂ ਨੂੰ ਦਾਖਲ ਕਰਨ ਲਈ ਕੋਈ ਵੀ ਕੋਵਿਡ ਕੇਅਰ ਸੈਂਟਰ ਨਹੀਂ ਬਣਾਇਆ ਗਿਆ। ਹਸਪਤਾਲ ਵਿੱਚ ਸਿਰਫ਼ ਕੋਵਿਡ ਟੈਸਟ ਹੀ ਕੀਤਾ ਜਾਂਦਾ ਤੇ ਕਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਜਗਰਾਉਂ ਜਾਂ ਲੁਧਿਆਣਾ ਭੇਜਿਆ ਜਾਂਦਾ ਹੈ। ਜਾਣਕਾਰੀ ਮੁਤਾਬਿਕ ਰਾਏਕੋਟ ਹਸਪਤਾਲ ਵਲੋਂ ਕਰੋਨਾ ਪਾਜ਼ੇਟਿਵ ਆਏ ਆਮ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਜਾਂਦਾ ਹੈ। ਸਥਾਨਕ ਡਾਕਟਰਾਂ ਮੁਤਾਬਿਕ ਮਰੀਜ਼ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਜਾਂ ਲੁਧਿਆਣਾ ਹੀ ਭੇਜਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਰਾਏਕੋਟ ਵਿੱਚ ਲੋਕ ਕਰੋਨਾ ਦਾ ਟੈਸਟ ਘੱਟ ਕਰਵਾ ਰਹੇ ਹਨ। ਰਾਏਕੋਟ ਤੋਂ ਸਾਬਕਾ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਸਿਹਤ ਵਿਭਾਗ ਨੂੰ ਨਗਰ ਕੌਂਸਲ ਦੀ ਕੀਮਤੀ ਜਗ੍ਹਾ ਦੇ ਕੇ ਰਾਏਕੋਟ ਵਿੱਚ ਹਸਪਤਾਲ ਬਣਵਾਇਆ ਸੀ। ਹਸਪਤਾਲ ਕੋਲ ਸ਼ਾਨਦਾਰ ਇਮਾਰਤ ਤੇ ਹਰ ਤਰ੍ਹਾਂ ਦੀ ਸਹੂਲਤ ਉਪਲੱਭਦ ਹੋਣ ’ਤੇ ਵੀ ਸ਼ਹਿਰ ਦੇ ਕੋਵਿਡ ਪੀੜਤਾਂ ਨੂੰ ਇਲਾਜ ਲਈ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਸ਼ਹਿਰ ਦੇ ਪੁਰਾਣੇ ਹਸਪਤਾਲ ਦੀ ਥਾਂ ਇਕ ਸ਼ਾਨਦਾਰ ਕਮਿਊਨਟੀ ਸੈਂਟਰ ਬਣਿਆ ਹੈ ਜੋ ਚਾਲੂ ਨਹੀਂ ਹੋਇਆ, ਉਸ ਨੂੰ ਕੋਵਿਡ ਸੈਂਟਰ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਇਸ ਸਬੰਧੀ ਐੱਸ.ਡੀ.ਐੱਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਸ਼ਹਿਰ ’ਚ ਕਰੋਨਾ ਦੀ ਸਥਿਤੀ ਕਾਬੂ ਹੇਠ ਹੈ ਤੇ ਮਰੀਜ਼ਾਂ ਦੀ ਸਹੀ ਸੰਭਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਇਥੇ ਕੋਵਿਡ ਕੇਅਰ ਸੈਂਟਰ ਬਣਾਇਆ ਜਾ ਸਕਦਾ ਹੈ।