ਜਗਰਾਉਂ: ਪਿਛਲੇ ਲੰਮੇ ਸਮੇਂ ਤੋਂ ਇੱਥੇ ਕਚਿਹਰੀ ਵਿੱਚ ਅਸ਼ਟਾਮ ਘੁਟਾਲੇ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੀਤੇ ਦਿਨ ਅਚਾਨਕ ਛਾਪਾ ਮਾਰਿਆ। ਇਸ ਮੌਕੇ ਛਾਪੇ ਦੀ ਭਿਣਕ ਲੱਗਦਿਆਂ ਹੀ ਅਸ਼ਟਾਮਫਰੋਸ਼ ਮੌਕੇ ਤੋਂ ਫ਼ਰਾਰ ਹੋ ਗਏ। ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਅਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅਸ਼ਟਾਮਫਰੋਸ਼ ਸਰਕਾਰੀ ਕਾਇਦੇ ਦੇ ਉਲਟ ਜਾ ਕੇ 50 ਰੁਪਏ ਵਾਲੇ ਅਸ਼ਟਾਮ ਬਦਲੇ 15 ਗੁਣਾ ਵੱਧ ਕੀਮਤ ਵਸੂਲ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਦੱਸਿਆ ਕਿ ਕੁਲਦੀਪ ਕੁਮਾਰ ਮਾਣਕ ਨਾਮਕ ਅਸ਼ਟਾਮਫਰੋਸ਼ ਦੇ ਦਫ਼ਤਰ ਅੱਗੇ ਨੋਟਿਸ ਚਿਪਕਾ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ