ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 22 ਜੁਲਾਈ
ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਅਰਬਨ ਸਰਕਲ ਲਲਤੋਂ ਕਲਾਂ ਦੇ ਸਕੱਤਰ ਨਛੱਤਰ ਸਿੰਘ ਅਤੇ ਪ੍ਰਧਾਨ ਜ਼ਮੀਰ ਹੁਸੈਨ ਨੇ ਸੂਬਾ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਵਿਤਕਰੇ ਭਰਪੂਰ ਨੀਤੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਕਾਮਿਆਂ ਦੇ ਵੇਰਵੇ ਤਾਂ ਮੰਗੇ ਗਏ ਹਨ, ਪਰ ਇਹ ਵੀ ਸਪਸ਼ਟ ਹਦਾਇਤ ਕੀਤੀ ਗਈ ਹੈ ਕਿ ਆਊਟ-ਸੋਰਸ ਕਾਮਿਆਂ ਦੇ ਵੇਰਵੇ ਨਾ ਭੇਜੇ ਜਾਣ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ‘ਆਪ’ ਵੀ ਪਹਿਲੀਆਂ ਸਰਕਾਰਾਂ ਵਾਂਗ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਆਊਟ-ਸੋਰਸ ਕਾਮਿਆਂ ਨੂੰ ਪੱਕੇ ਕਰਨ ਤੋਂ ਇਨਕਾਰੀ ਹੈ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਆਊਟ-ਸੋਰਸ ਕਾਮੇ ਜਿਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੈ, ਉਹ ਸਰਕਾਰ ਦੇ ਕਿਸੇ ਨਾ ਕਿਸੇ ਫ਼ੈਸਲੇ ਜਾਂ ਨੀਤੀ ਅਧੀਨ ਹੀ ਭਰਤੀ ਕੀਤੇ ਗਏ ਹਨ ਅਤੇ ਉਹ ਸਰਕਾਰੀ ਵਿਭਾਗਾਂ ਵਿਚ ਖ਼ਾਲੀ ਅਸਾਮੀਆਂ ਵਿਰੁੱਧ ਪੱਕੇ ਹੋਣ ਦੀ ਆਸ ਵਿਚ ਵਰ੍ਹਿਆਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਿਤਕਰੇ ਭਰਪੂਰ ਨੀਤੀ ਰਾਹੀਂ ਆਊਟ-ਸੋਰਸ ਕਾਮਿਆਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਪੁਨਰਗਠਨ ਦੇ ਨਾਂ ਹੇਠ ਅਸਾਮੀਆਂ ਖ਼ਤਮ ਕਰਨ ਦੀ ਨੀਤੀ ਰੱਦ ਕੀਤੀ ਜਾਵੇ।